ਗਜ਼ਲ
(ਫ਼ਰਕ )
ਬੀਤ ਗਈ ਜੋ ਕਹਾਣੀ, ਉਹ ਸੁਣਾਇਆ ਨਾ ਕਰ
ਮਸਾਂ ਦਰਦ ਨੇ ਸੁਲਾਏ, ਤੂੰ ਜਗਾਇਆ ਨਾ ਕਰ ।
ਪੈਂਦੇ ਸਾਰਿਆਂ ਨੂੰ ਸੀਣੇ, ਆਪੋ-ਆਪਣੇ ਜ਼ਖਮ
ਗਿਣ-ਗਿਣ ਐਵੇਂ ਲੋਕਾਂ ਨੂੰ, ਦਿਖਾਇਆ ਨਾ ਕਰ।
ਜਿੰਨਾ ਮੰਨਣ ਤੋਂ ਬਾਦ ਵੀ ਹੈ, ਵਾਰ-ਵਾਰ ਰੁੱਸਣਾ
ਮੱਲੋ-ਜ਼ੋਰੀ ਜਿੱਦੀ ਬੰਦੇ ਨੂੰ, ਮਨਾਇਆ ਨਾ ਕਰ ।
ਦੱਸੋ ਸਾਡਾ ਕੀ ਹੈ ਮੇਲ, ਉਹ ਨੇ ਸ਼ਾਇਰ ਦਰਬਾਰੀ
ਸੁੱਤੇ ਬੋਲ ਸਾਡੇ ਉਹਨਾਂ ਨੂੰ, ਸੁਣਾਇਆ ਨਾ ਕਰ ।
ਉਸਦਾ ਹਾਸਾ ਹੈ ਸੰਗੀਤ, ਝੂੰਮ ਉੱਠਦੀ ਹੈ ਰੂਹ
ਕਹੋ ਉਸਨੂੰ ਐਵੇਂ ਵੰਗਾਂ, ਛਣਕਾਇਆ ਨਾ ਕਰ ।
ਰਹਿਬਰ ਬਣ ਕੇ ਵੀ, ਰਾਹ ‘ਚ ਲੁੱਟ ਲੈਂਦੇ ਨੇ ਲੋਕ
“ਖੁੱਲੀ ਕਿਤਾਬ” ਵਾਂਗ ਐਵੇਂ ਸਾਰਾ, ਖੁੱਲੵ ਜਾਇਆ ਨਾ ਕਰ ।
ਮਸਾਂ ਹੋਇਆ ਸੀ ਵਹਾਅ, ਆ ਜਾਣੀ ਹੈ ਖੜੋਤ
ਉਹਦੀ ਸ਼ੇਅਰੋ-ਸ਼ਾਇਰੀ, ਬਹੁਤੀ ਵਡਿਆਇਆ ਨਾ ਕਰ ।
ਆਉੰਦੀ-ਜਾਂਦੀ ਬਿਜਲੀ ਦਾ, ਹੁੰਦਾ ਇਤਬਾਰ ਕੋਈ ਨਾ
ਝੱਟ ਦੇਣੇ ਮੋਮਬੱਤੀ ਨੂੰ, ਬੁਝਾਇਆ ਨਾ ਕਰ।
ਤੇਰੇ ਹੋਣ ਨਾਲ ਕਿਸੇ ਮੁਰਦੇ ‘ਚ ਜਾਨ ਨਹੀਂ ਪੈਣੀ,
ਝੂਠੀ-ਮੂਠੀ ਦਾ ਤੂੰ ਸ਼ੋਕ, ਜਤਾਇਆ ਨਾ ਕਰ ।
“ਪਰਵਿੰਦਰ” ਦੁਨੀਆ ਇਹ, ਝੂਠੇ- ਸੱਚਿਆਂ ਦੀ
ਹਰ ਇੱਕ ‘ਤੇ ਵਿਸ਼ਵਾਸ ਦਿਖਾਇਆ ਨਾ ਕਰ
ਹਰ ਇੱਕ ‘ਤੇ ਵਿਸ਼ਵਾਸ ਦਿਖਾਇਆ ਨਾ ਕਰ ।
ਪਰਵਿੰਦਰ ਕੌਰ ਸ਼ੇਰਗਿੱਲ
( ਪੰਜਾਬੀ ਅਧਿਆਪਿਕਾ )
ਸ.ਮਾ.ਸ.ਸ.ਸਕੂਲ ਸ਼ੇਰੋਂ