ਲੱਖਾਂ ਹਿੰਦੀ ਬੋਲਣ ਵਾਲੇ ਮਰੀਜ਼ਾਂ ਲਈ ਰਾਹਤ ਦੀ ਉਮੀਦ ਜਾਗੀ ਹੈ ਜੋ ਸਟ੍ਰੋਕ ਤੋਂ ਬਾਅਦ ਬੋਲਣ ਦੀ ਆਪਣੀ ਸਮਰੱਥਾ ਗੁਆ ਚੁੱਕੇ ਹਨ। “ਮੇਲੋਡਿਕ ਇੰਟੋਨੇਸ਼ਨ ਥੈਰੇਪੀ” (MIT) ਦਾ ਪਹਿਲਾ ਹਿੰਦੀ ਸੰਸਕਰਣ ਵਿਕਸਤ ਕੀਤਾ ਗਿਆ ਹੈ। ਇਹ ਇਕ ਸੰਗੀਤ-ਅਧਾਰਤ ਇਲਾਜ ਵਿਧੀ ਹੈ ਜੋ ਮਰੀਜ਼ਾਂ ਨੂੰ ਸੁਰ ਅਤੇ ਤਾਲ ਦੀ ਵਰਤੋਂ ਕਰਕੇ ਦੁਬਾਰਾ ਬੋਲਣ ਦੀ ਸਿਖਲਾਈ ਦਿੰਦੀ ਹੈ।
ਆਈ.ਆਈ.ਟੀ. ਦਿੱਲੀ ਨੇ ਇਸ ਨੂੰ ਏਮਜ਼ ਅਤੇ ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ (ਆਈ.ਐੱਚ.ਬੀ.ਏ.ਐੱਸ.) ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ। ਇਹ ਖੋਜ ਅੰਤਰਰਾਸ਼ਟਰੀ ਜਰਨਲ “ਅਫੇਸੀਓਲੋਜੀ” ‘ਚ “ਹਿੰਦੀ ਅਡੈਪਟੇਸ਼ਨ ਆਫ ਮੇਲੋਡਿਕ ਇਨਟੋਨੇਸ਼ਨ ਥੈਰੇਪੀ ਫਾਰ ਪੋਸਟ-ਸਟ੍ਰੋਕ ਅਫੇਸੀਆ: ਏ ਪਾਇਲਟ ਫਜ਼ੀਬਿਲਟੀ ਸਟੱਡੀ” ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਗਈ ਹੈ।
ਮਾਹਿਰਾਂ ਦੇ ਅਨੁਸਾਰ, ਸਟ੍ਰੋਕ ਭਾਰਤ ‘ਚ ਅਪੰਗਤਾ ਦੇ ਪ੍ਰਮੁੱਖ ਕਾਰਨਾਂ ‘ਚੋਂ ਇਕ ਹੈ। ਬਹੁਤ ਸਾਰੇ ਸਟ੍ਰੋਕ ਮਰੀਜ਼ “ਨਾਨ-ਫਲੂਐਂਟ ਅਫੇਸੀਆ” ਨਾਮਕ ਸਥਿਤੀ ਤੋਂ ਪੀੜਤ ਹੁੰਦੇ ਹਨ। ਇਸ ਸਥਿਤੀ ‘ਚ, ਮਰੀਜ਼ ਪੂਰੀ ਤਰ੍ਹਾਂ ਸੁਚੇਤ ਰਹਿੰਦਾ ਹੈ ਅਤੇ ਸਮਝਦਾ ਹੈ ਕਿ ਦੂਜਾ ਵਿਅਕਤੀ ਕੀ ਕਹਿ ਰਿਹਾ ਹੈ, ਪਰ ਸ਼ਬਦ ਬੋਲਣ ‘ਚ ਅਸਮਰੱਥ ਹੁੰਦਾ ਹੈ। ਕਈ ਵਾਰ ਉਹ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਵੀ ਨਹੀਂ ਉਚਾਰ ਸਕਦੇ। ਦਿਲਚਸਪ ਗੱਲ ਇਹ ਹੈ ਕਿ ਇਹ ਮਰੀਜ਼ ਪਿਛਲੇ ਸਾਲਾਂ ਦੇ ਜਾਣੇ-ਪਛਾਣੇ ਗੀਤ ਆਸਾਨੀ ਨਾਲ ਗਾ ਸਕਦੇ ਹਨ।
ਮੇਲੋਡਿਕ ਇਨਟੋਨੇਸ਼ਨ ਥੈਰੇਪੀ ਇਸ ਯੋਗਤਾ ਦੇ ਆਧਾਰ ‘ਤੇ ਵਿਕਸਤ ਕੀਤੀ ਗਈ ਸੀ। ਇਸ ਖੋਜ ਦੀ ਅਗਵਾਈ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਐਨ.ਐਮ. ਅਨੂਪ ਕ੍ਰਿਸ਼ਨਨ ਅਤੇ ਪ੍ਰੋਫੈਸਰ ਰਾਹੁਲ ਗਰਗ ਨੇ ਏਮਜ਼ ਤੋਂ ਪ੍ਰੋਫੈਸਰ ਦੀਪਤੀ ਵਿਭਾ ਦੇ ਸਹਿਯੋਗ ਨਾਲ ਕੀਤੀ।ਖੋਜਕਰਤਾ ਦੁਸ਼ਯੰਤ ਸੋਨੀ ਅਤੇ ਰੂਪਾਂਸ਼ੀ ਆਹੂਜਾ ਹਨ, ਜੋ ਪ੍ਰੋਜੈਕਟ ਸਟਾਫ ਮੈਂਬਰ ਹਨ। ਏਮਜ਼ ਦੇ ਈ.ਐੱਨ.ਟੀ. ਮਾਹਿਰਾਂ, ਸਪੀਚ ਥੈਰੇਪਿਸਟਾਂ ਅਤੇ ਆਈ.ਐੱਚ.ਬੀ.ਏ.ਐੱਸ. ਦੇ ਨਿਊਰੋਲੋਜਿਸਟਾਂ ਨੇ ਵੀ ਖੋਜ ‘ਚ ਹਿੱਸਾ ਲਿਆ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਤਕਨੀਕ ਭਵਿੱਖ ‘ਚ ਲੱਖਾਂ ਹਿੰਦੀ ਬੋਲਣ ਵਾਲੇ ਸਟ੍ਰੋਕ ਮਰੀਜ਼ਾਂ ਦੀ ਆਵਾਜ਼ ਅਤੇ ਵਿਸ਼ਵਾਸ ਨੂੰ ਬਹਾਲ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਹ ਥੈਰੇਪੀ ਪੱਛਮੀ ਦੇਸ਼ਾਂ ‘ਚ ਦਹਾਕਿਆਂ ਤੋਂ ਅੰਗਰੇਜ਼ੀ ਅਤੇ ਹੋਰ ਯੂਰਪੀ ਭਾਸ਼ਾਵਾਂ ਵਿੱਚ ਵਰਤੀ ਜਾ ਰਹੀ ਹੈ।
ਕਿਉਂਕਿ ਭਾਰਤ ‘ਚ ਜ਼ਿਆਦਾਤਰ ਸਪੀਚ ਥੈਰੇਪੀ ਸਮੱਗਰੀ ਅੰਗਰੇਜ਼ੀ ‘ਚ ਅਧਾਰਿਤ ਹੈ, ਹਿੰਦੀ ਬੋਲਣ ਵਾਲੇ ਮਰੀਜ਼ ਲੋੜੀਂਦੇ ਲਾਭ ਪ੍ਰਾਪਤ ਕਰਨ ‘ਚ ਅਸਮਰੱਥ ਹਨ। ਇਸ ਚੁਣੌਤੀ ਨੂੰ ਪਛਾਣਦੇ ਹੋਏ, ਆਈਆਈਟੀ ਦਿੱਲੀ ਨੇ ਨਾ ਸਿਰਫ਼ ਸ਼ਬਦਾਂ ਦਾ ਅਨੁਵਾਦ ਕੀਤਾ ਬਲਕਿ ਪੂਰੀ ਥੈਰੇਪੀ ਨੂੰ ਹਿੰਦੀ ਦੀ ਭਾਸ਼ਾਈ ਬਣਤਰ ਦੇ ਅਨੁਸਾਰ ਢਾਲਿਆ। ਹਿੰਦੀ ਦੇ ਉਚਾਰਨ, ਸ਼ਬਦਾਂ ਦੀ ਤਾਲ ਅਤੇ ਬੋਲਣ ਦੀ ਸ਼ੈਲੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਅਭਿਆਸ ਤਿਆਰ ਕੀਤੇ ਗਏ ਸਨ, ਤਾਂ ਜੋ ਮਰੀਜ਼ ਆਪਣੀ ਭਾਸ਼ਾ ‘ਚ ਬਿਹਤਰ ਢੰਗ ਨਾਲ ਸੰਚਾਰ ਕਰਨਾ ਸਿੱਖ ਸਕਣ।
