ਪੰਜਾਬ ਬੰਦ ਵਿਚਾਲੇ ਦੇਖੋ ਮੋਗਾ ਵਿਚ ਕੀ ਬਣੇ ਹਾਲਾਤ, ਸੜਕਾਂ ‘ਤੇ ਪੱਸਰੀ ਸੁੰਨ

ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਪੰਜਾਬ ਭਰ ਦੀਆਂ ਸਫਾਈ ਕਰਮਚਾਰੀ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਅਤੇ ਹੜਤਾਲ ਦੇ ਸੱਦੇ ਦਾ ਮੋਗਾ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਸ਼ਹਿਰ ਵਿਚ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਜ਼ਿਆਦਾਤਰ ਬਾਜ਼ਾਰ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਇਸ ਮੌਕੇ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ, ਮੋਗਾ ਵੱਲੋਂ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਨਗਰ ਨਿਗਮ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮੁੱਖ ਬਾਜ਼ਾਰਾਂ ਅਤੇ ਸੜਕਾਂ ਤੋਂ ਹੁੰਦਾ ਹੋਇਆ ਲੰਘਿਆ। ਮਾਰਚ ਵਿਚ ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀਆਂ, ਯੂਨੀਅਨ ਆਗੂਆਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਯੂਨੀਅਨ ਆਗੂਆਂ ਨੇ ਕਿਹਾ ਕਿ ਬਰਨਾਲਾ ਅਤੇ ਸੰਗਰੂਰ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਕੀਤਾ ਗਿਆ ਲਾਠੀਚਾਰਜ ਬਹੁਤ ਹੀ ਨਿੰਦਣਯੋਗ ਹੈ ਅਤੇ ਇਹ ਲੋਕਤੰਤਰੀ ਹੱਕਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਅਤੇ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਰੋਸ ਮਾਰਚ ਦੌਰਾਨ ਯੂਨੀਅਨ ਆਗੂਆਂ ਨੇ ਸ਼ਹਿਰ ਵਾਸੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੰਦ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਰੱਖਿਆ ਗਿਆ ਅਤੇ ਕਿਸੇ ਵੀ ਦੁਕਾਨਦਾਰ, ਵਪਾਰੀ ਜਾਂ ਸੰਸਥਾ ਨੂੰ ਜ਼ਬਰਦਸਤੀ ਆਪਣਾ ਕਾਰੋਬਾਰ ਬੰਦ ਕਰਨ ਲਈ ਨਹੀਂ ਕਿਹਾ ਗਿਆ। ਲੋਕਾਂ ਨੇ ਖੁਦ ਸਫਾਈ ਕਰਮਚਾਰੀਆਂ ਦੇ ਸਮਰਥਨ ਵਿਚ ਆਪਣੇ ਕਾਰੋਬਾਰ ਬੰਦ ਰੱਖ ਕੇ ਏਕਤਾ ਦਾ ਪ੍ਰਗਟਾਵਾ ਕੀਤਾ। ਰੋਸ ਮਾਰਚ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਹੋਇਆ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੁਲਸ ਬਲ ਵੀ ਤਾਇਨਾਤ ਰਿਹਾ। ਮੋਗਾ ਵਿਚ 100 ਫ਼ੀਸਦੀ ਸਫਲ ਰਹੇ ਬੰਦ ਨੇ ਸਾਬਤ ਕਰ ਦਿੱਤਾ ਕਿ ਸਫਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਸ਼ਹਿਰ ਵਾਸੀਆਂ ਦਾ ਭਰਪੂਰ ਸਮਰਥਨ ਹਾਸਲ ਹੈ।

Leave a Reply

Your email address will not be published. Required fields are marked *