ਕ੍ਰਿਸ਼ੀ ਵਿਗਿਆਨ ਕੇਂਦਰ, ਨੇ ਭਾਈ ਗੁਰਦਾਸ ਕਾਲਜ ਦੇ ਵਿਦਿਆਰਥੀਆਂ ਨੂੰ ਪਰਾਲੀ ਪ੍ਰਬੰਧਨ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਸੰਗਰੂਰ,8 ਨਵੰਬਰ (ਜਗਸੀਰ ਸਿੰਘ)- ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਡਾਇਰੈਕਟਰ ਪਸਾਰ ਸਿੱਖਿਆ, ਪੀ.ਏ.ਯੂ, ਲੁਧਿਆਣਾ ਅਤੇ ਡਾਇਰੈਕਟਰ, ਆਈ.ਸੀ.ਏ.ਆਰ. – ਅਟਾਰੀ, ਜ਼ੋਨ 1, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਸੈਮੀਨਾਰ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼, ਜ਼ਿਲਾ ਸੰਗਰੂਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਦੁਰਪ੍ਰਭਾਵਾਂ ਬਾਰੇ ਸਲੋਗਨ ਲਿਖਣ, ਰੰਗੋਲੀ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਅਤੇ ਕਵਿਤਾਵਾਂ ਦੁਆਰਾ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ ਗਿਆ। ਸੈਮੀਨਾਰ ਦੌਰਾਨ ਆਪਣੇ ਸੰਬੋਧਨ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਸਾੜਨ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨਾਂ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਦੀਆਂ ਤਕਨੀਕਾਂ ਅਤੇ ਫਾਇਦਿਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਪਰਾਲੀ ਨੂੰ ਨਾ ਸਾੜਨ ਦਾ ਸੁਨੇਹਾ ਆਪਣੇ ਮਾਪਿਆਂ ਨਾਲ ਸਾਂਝਾ ਕਰਨ ਅਤੇ ਪਰਾਲੀ ਨੂੰ ਸਾਂਭਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨਾਲ ਸੰਪਰਕ ਲਈ ਵੀ ਆਖਿਆ ਗਿਆ। ਪ੍ਰੋਫੈਸਰ ਡਾ. ਤਨੂਜਾ ਸ਼੍ਰੀਵਾਸਤਵ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਗੰਭੀਰ ਵਾਤਾਵਰਣਕ ਖ਼ਤਰਿਆਂ ‘ਤੇ ਚਾਨਣਾ ਪਾਇਆ I ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵਾਤਾਵਰਣ ਸੰਭਾਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ I
ਡਾ. ਰੇਣੂ ਬਾਲਾਕ੍ਰਿਸ਼ਨਨ, ਵਿਗਿਆਨੀ, ਸੈਂਟਰਲ ਇੰਸਟੀਚਿਊਟ ਫਾਰ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਲੁਧਿਆਣਾ ਨੇ ਵਿਦਿਆਰਥੀਆਂ ਨੂੰ ਟਿਕਾਊ ਖੇਤੀਬਾੜੀ ਦੀ ਮਹਤੱਤਾ ਅਤੇ ਲੋੜ ਸਬੰਧੀ ਜਾਣੂ ਕਰਵਾਇਆ।ਭਾਈ ਗੁਰਦਾਸ ਇੰਸੀਚਿਊਟ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਸ਼੍ਰੀ ਗੁਰਪ੍ਰੀਤ ਸਿੰਘ, ਕੇ.ਵੀ.ਕੇ., ਸੰਗਰੂਰ ਦੇ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ ਵਿਤਸਤਾ ਅਤੇ ਕਾਲਜ ਦੇ ਹੋਰ ਸਟਾਫ਼ ਮੈਂਬਰਾਂ ਦੁਆਰਾ ਵਿਦਿਆਰਥੀਆਂ ਦੇ ਮੁਕਾਬਲਿਆਂ ਦੀ ਇੱਕ ਲੜੀ ਦਾ ਆਯੋਜਨ ਕੀਤਾ ਗਿਆ, ਜਿਸ ਰਾਹੀਂ ਭਾਗੀਦਾਰਾਂ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਦੁਰਪ੍ਰਭਾਵਾਂ ਨੂੰ ਉਜਾਗਰ ਕੀਤਾ ਅਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਕੇ.ਵੀ.ਕੇ., ਸੰਗਰੂਰ ਵੱਲੋਂ ਸਨਮਾਨਿਤ ਕੀਤਾ ਗਿਆI ਇਸ ਸੈਮੀਨਾਰ ਦੌਰਾਨ ਡਾ ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਅਤੇ ਡਾ ਰਵੀ ਪ੍ਰਕਾਸ਼ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਅਖੀਰ ਵਿੱਚ ਕੇ.ਵੀ.ਕੇ., ਵੱਲੋਂ ਕਾਲਜ ਦੇ ਕੈਂਪਸ ਡਾਇਰੈਕਟਰ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ।

Leave a Reply

Your email address will not be published. Required fields are marked *