ਪੰਜਾਬ ਵਿਚ 20 ਮਈ ਨੂੰ ਸਿਹਤ ਸੇਵਾਵਾਂ ’ਤੇ ਵੱਡਾ ਸੰਕਟ ਮੰਡਰਾਉਣ ਵਾਲਾ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ 20 ਮਈ ਨੂੰ ਦੁਪਹਿਰ 12:40 ਵਜੇ ਤੋਂ ਪੂਰੇ ਸੂਬੇ ਵਿਚ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਦਵਾਈਆਂ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ 20 ਮਈ ਨੂੰ ਦੁਪਹਿਰ 12:50 ਵਜੇ ਤੱਕ ਸਾਰੇ ਕੈਮਿਸਟ ਆਪਣੀਆਂ ਦੁਕਾਨਾਂ ਬੰਦ ਕਰ ਕੇ ਹੜਤਾਲ ’ਤੇ ਚਲੇ ਜਾਣਗੇ। ਆਲ ਇੰਡੀਆ ਆਰਗਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਦੇ ਨਿਰਦੇਸ਼ਾਂ ’ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਇਹ ਵੱਡਾ ਕਦਮ ਚੁੱਕਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੋਸ਼ ਲਾਇਆ ਕਿ ਆਨਲਾਈਨ ਫਾਰਮੇਸੀ ਕੰਪਨੀਆਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੀਆਂ ਹੋਈਆਂ ਭਾਰੀ ਛੂਟ ਦੇ ਕੇ ਬਜ਼ਾਰ ਨੂੰ ਖਤਮ ਕਰ ਰਹੀਆਂ ਹਨ। ਇਸ ਨਾਲ ਛੋਟੇ ਕੈਮਿਸਟਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਵੱਡੇ ਦੋਸ਼, ਕਾਨੂੰਨ ਦੀ ਖੁੱਲ੍ਹੀ ਉਲੰਘਣਾ!
ਸੁਰਿੰਦਰ ਦੁੱਗਲ ਦਾ ਕਹਿਣਾ ਹੈ ਕਿ ਆਨਲਾਈਨ ਦਵਾਈ ਵਿਕਰੀ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ, ਇਸ ਦੇ ਬਾਵਜੂਦ ਇਹ ਧੜੱਲੇ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਵਿਚ 900 ਤੋਂ ਵੱਧ ਆਨਲਾਈਨ ਫਾਰਮੇਸੀ ਸਾਈਟਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਪਰ ਭਾਰਤ ਵਿਚ ਅਜੇ ਤੱਕ ਸਖ਼ਤ ਕਾਰਵਾਈ ਨਹੀਂ ਹੋਈ।
ਕੇਂਦਰ ਸਰਕਾਰ ਅੱਗੇ ਇਹ ਹਨ ਮੁੱਖ ਮੰਗਾਂ:
–ਆਨਲਾਈਨ ਦਵਾਈ ਵਿਕਰੀ ’ਤੇ ਤੁਰੰਤ ਰੋਕ ਲਗਾਈ ਜਾਵੇ।
–ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਛੂਟ ਬੰਦ ਕਰਵਾਈ ਜਾਵੇ।
–ਨਕਲੀ ਦਵਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪੰਜਾਬ ਸਰਕਾਰ ਅੱਗੇ ਮੰਗਾਂ:
–ਡਰੱਗਜ਼ ਐਕਟ ਵਿਚ ਸਖ਼ਤ ਸੋਧਾਂ ਲਾਗੂ ਕੀਤੀਆਂ ਜਾਣ।
–ਫਾਰਮਾਸਿਸਟ ਦੀ ਲਾਜ਼ਮੀ ਮੌਜੂਦਗੀ ਯਕੀਨੀ ਬਣਾਈ ਜਾਵੇ।
–ਮੈਡੀਕਲ ਸਟੋਰਾਂ ’ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ।
ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਇਕ ਦਿਨ ਦੀ ਹੜਤਾਲ ਅੱਗੇ ਚੱਲ ਕੇ ਅਣਮਿੱਥੇ ਸਮੇਂ ਲਈ ਅੰਦੋਲਨ ਬਣ ਸਕਦੀ ਹੈ।
23 ਜ਼ਿਲਿਆਂ ਵਿੱਚ ਅਸਰ, ਆਮ ਲੋਕ ਪ੍ਰੇਸ਼ਾਨ:
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ 23 ਜ਼ਿਲਾ ਹੈੱਡਕੁਆਰਟਰਾਂ ਅਤੇ ਸ਼ਹਿਰਾਂ ਵਿਚ ਕੈਮਿਸਟ ਇਸ ਹੜਤਾਲ ਵਿਚ ਹਿੱਸਾ ਲੈਣਗੇ। ਇਸ ਨਾਲ ਦਵਾਈਆਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਨੇ ਜਲਦੀ ਕਦਮ ਨਾ ਚੁੱਕਿਆ ਤਾਂ ਪ੍ਰੇਸ਼ਾਨੀ ਹੋਰ ਵੀ ਵਧ ਸਕਦੀ ਹੈ।