ਪਾਇਲ ਫਾਇਰਿੰਗ ਕੇਸ: ਗੈਂਗਸਟਰ ਡੋਨੀ ਬੱਲ ਤੇ ਸ਼ਗਨਪ੍ਰੀਤ ਦੀ ਸਾਜ਼ਿਸ਼ ਨਾਕਾਮ, ਖੰਨਾ ਪੁਲਸ ਨੇ ਦਬੋਚੇ 4 ਹੋਰ ਮੈਂਬਰ

ਪਾਇਲ ਦੀ ਅਨਾਜ ਮੰਡੀ ਵਿੱਚ 14 ਅਪ੍ਰੈਲ ਦੀ ਰਾਤ ਨੂੰ ਹੋਏ ਸਨਸਨੀਖੇਜ਼ ਫਾਇਰਿੰਗ ਮਾਮਲੇ ਵਿੱਚ ਪੁਲਸ ਜ਼ਿਲ੍ਹਾ ਖੰਨਾ ਨੇ ਇੱਕ ਵੱਡੀ ਅਤੇ ਸੁਚੱਜੀ ਕਾਰਵਾਈ ਕਰਦਿਆਂ ਪੂਰੇ ਗੈਂਗਸਟਰ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਚੱਲ ਰਹੀ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਪੁਲਸ ਨੇ ਜਬਰਨ ਵਸੂਲੀ, ਧਮਕੀਆਂ ਅਤੇ ਫਾਇਰਿੰਗ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਗਿਰੋਹ ਦੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਦੇ ਮਾਸਟਰਮਾਈਂਡ ਵਿਦੇਸ਼ ਖਾਸ ਤੌਰ ‘ਤੇ ਆਸਟ੍ਰੇਲੀਆ ਵਿੱਚ ਬੈਠੇ ਹੋਏ ਸਨ। ਪੁਲਸ ਅਨੁਸਾਰ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਓਮੇਸ਼ ਕੁਮਾਰ ਉਰਫ਼ ਸੋਨੂੰ ਕੁਮਾਰ ਉਰਫ਼ ਛਾਂਗਾ ਪੁੱਤਰ ਪ੍ਰੇਮਪਾਲ ਵਾਸੀ ਵਾਰਡ ਨੰਬਰ 4, ਸੁਦਾਵਾਲ ਵਾਲੀ ਕੱਚੀ ਪਹੀ ਨੇੜੇ ਡਾ. ਹਰੀਸ਼, ਸਾਹਨੇਵਾਲ (ਜ਼ਿਲ੍ਹਾ ਲੁਧਿਆਣਾ), ਗੁਰਵਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਹਾਕਮ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ ਐੱਲ-8, ਲਲਹੇੜੀ ਰੋਡ, ਖੰਨਾ, ਗੌਰਵ ਉਰਫ਼ ਗੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 5, ਬੈਕ ਸਾਈਡ ਗੁਰਦੁਆਰਾ ਬਾਬਾ ਜੀਵਨ ਸਿੰਘ, ਭੂਟਾਨਪੁਰ (ਅੰਮ੍ਰਿਤਸਰ) ਅਤੇ ਲਕਸ਼ ਪੁੱਤਰ ਪ੍ਰੇਮਪਾਲ ਵਾਸੀ ਵਾਰਡ ਨੰਬਰ 4, ਸੁਦਾਵਾਲ ਵਾਲੀ ਕੱਚੀ ਪਹੀ ਨੇੜੇ ਡਾ. ਹਰੀਸ਼, ਸਾਹਨੇਵਾਲ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ।

ਪੁਲਸ ਅਨੁਸਾਰ 14 ਅਪ੍ਰੈਲ ਦੀ ਦੇਰ ਰਾਤ ਦੋ ਅਣਪਛਾਤੇ ਹਮਲਾਵਰਾਂ ਨੇ ਪਾਇਲ ਅਨਾਜ ਮੰਡੀ ਵਿੱਚ ਇੱਕ ਆੜ੍ਹਤੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਘਟਨਾ ਨਾਲ ਪੂਰੀ ਮੰਡੀ ਵਿੱਚ ਦਹਿਸ਼ਤ ਫੈਲ ਗਈ ਸੀ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਆਈ. ਪੀ. ਐੱਸ. ਅਤੇ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਮਾਮਲੇ ਨੂੰ ਉੱਚ ਤਰਜੀਹ ਦੇ ਕੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਕਾਰਵਾਈ ਦੌਰਾਨ ਜਦੋਂ ਪੁਲਸ ਟੀਮ ਸੰਗਮ ਪੈਲੇਸ ਪਾਇਲ ਨੇੜੇ ਪਹੁੰਚੀ ਤਾਂ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਖੜਾ ਮਿਲਿਆ। ਪੁਲਸ ਨੂੰ ਦੇਖਦੇ ਹੀ ਉਹ ਭੱਜਣ ਲੱਗ ਪਿਆ ਅਤੇ ਇੱਕ ਸੁੰਨੀ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਚੜ੍ਹ ਗਿਆ, ਪਰ ਦੌੜਦਿਆਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਪਿਆ। ਪੁਲਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਉਮੇਸ਼ ਕੁਮਾਰ ਉਰਫ਼ ਛਾਂਗਾ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਸਾਹਨੇਵਾਲ, ਜ਼ਿਲਾ ਲੁਧਿਆਣਾ ਵਜੋਂ ਹੋਈ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁੱਛਗਿੱਛ ਦੌਰਾਨ ਉਮੇਸ਼ ਕੁਮਾਰ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀ ਗੌਰਵ ਉਰਫ਼ ਗੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 5, ਗੁਰਦੁਆਰਾ ਬਾਬਾ ਜੀਵਨ ਸਿੰਘ ਭੂਟਾਨਪੁਰ (ਅੰਮ੍ਰਿਤਸਰ) ਦੇ ਨਾਲ ਮਿਲ ਕੇ ਆੜ੍ਹਤੀ ਦੀ ਦੁਕਾਨ ‘ਤੇ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵਾਰਦਾਤ ਇੱਕ ਵੱਡੀ ਰੰਗਦਾਰੀ ਯੋਜਨਾ ਦਾ ਹਿੱਸਾ ਸੀ। 31 ਮਾਰਚ ਨੂੰ ਸੰਬੰਧਿਤ ਵਪਾਰੀ ਨੂੰ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਸੀ। ਇਸ ਕਾਲ ਦੇ ਪਿੱਛੇ ਕੁਖ਼ਿਆਤ ਗੈਂਗਸਟਰ ਡੋਨੀ ਬੱਲ ਦਾ ਨਾਮ ਸਾਹਮਣੇ ਆਇਆ ਹੈ। ਪੁਲਸ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਸ ਗਿਰੋਹ ਦੇ ਤਾਰ ਵਿਦੇਸ਼ ਨਾਲ ਜੁੜੇ ਹੋਏ ਸਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਉਰਫ਼ ਸ਼ਗਨ ਅਤੇ ਜਗਪ੍ਰੀਤ ਸਿੰਘ, ਜੋ ਇਸ ਵੇਲੇ ਆਸਟ੍ਰੇਲੀਆ ਵਿੱਚ ਰਹਿੰਦੇ ਹਨ, ਇਸ ਸਾਜ਼ਿਸ਼ ਦੇ ਮੁੱਖ ਸੂਤਰਧਾਰ ਹਨ। ਇਹ ਦੋਵੇਂ ਵਿਅਕਤੀ ਸਥਾਨਕ ਸਾਥੀਆਂ ਰਾਹੀਂ ਰੇਕੀ ਕਰਵਾਉਂਦੇ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਰਹੇ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਅਨੁਸਾਰ ਵਾਰਦਾਤ ਤੋਂ ਪਹਿਲਾਂ ਸਾਰੇ ਦੋਸ਼ੀ ਉਮੇਸ਼ ਕੁਮਾਰ ਦੇ ਘਰ ਸਾਹਨੇਵਾਲ ਵਿਖੇ ਬੈਠ ਕੇ ਸਾਜ਼ਿਸ਼ਕਰਤਾ ਸ਼ਗਨਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ, ਜਿੱਥੇ ਉਮੇਸ਼ ਕੁਮਾਰ ਦਾ ਛੋਟਾ ਭਰਾ ਲਕਸ਼ ਵੀ ਮੌਜੂਦ ਸੀ ਅਤੇ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਗੁਰੂ ਤੇਗ ਬਹਾਦਰ ਨਗਰ ਲਲਹੇੜੀ ਰੋਡ ਖੰਨਾ ਅਤੇ ਗੌਰਵ ਉਰਫ਼ ਗੋਲਾ ਵਾਸੀ ਅੰਮ੍ਰਿਤਸਰ ਨੇ ਘਟਨਾ ਨੂੰ ਅੰਜਾਮ ਦੇਣ ਲਈ ਅਹਿਮ ਭੂਮਿਕਾ ਨਿਭਾਈ, ਉਪਰੰਤ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵੱਲੋਂ ਆਪਣੀ ਕਾਰ ਦੀ ਮਦਦ ਨਾਲ ਮੌਕੇ ਦੀ ਰੇਕੀ ਕੀਤੀ ਗਈ ਅਤੇ ਫਿਰ ਯੋਜਨਾਬੱਧ ਢੰਗ ਨਾਲ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਪੂਰਾ ਮਾਮਲਾ ਰੰਗਦਾਰੀ ਨਾਲ ਜੁੜਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ 31 ਮਾਰਚ ਨੂੰ ਸੰਬੰਧਿਤ ਆੜ੍ਹਤੀ ਨੂੰ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਵੀ ਆਈ ਸੀ। ਇਸ ਕਾਲ ਦੇ ਪਿੱਛੇ ਗੈਂਗਸਟਰ ਡੋਨੀ ਬੱਲ ਦਾ ਨਾਮ ਸਾਹਮਣੇ ਆਇਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਚਾਰ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਓਮੇਸ਼ ਕੁਮਾਰ ਖ਼ਿਲਾਫ਼ ਪਹਿਲਾਂ ਲੁੱਟ-ਖੋਹ, ਐਨ.ਡੀ.ਪੀ.ਐਸ ਐਕਟ, ਅਸਲਾ ਐਕਟ ਅਤੇ ਬੀ.ਐਨ.ਐਸ ਅਧੀਨ ਕਈ ਮੁਕੱਦਮੇ ਦਰਜ ਹਨ, ਜਦਕਿ ਗੁਰਵਿੰਦਰ ਸਿੰਘ ਉਰਫ਼ ਗੋਲਡੀ ਉੱਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਰਹਿ ਚੁੱਕਾ ਹੈ। ਇਸੇ ਤਰ੍ਹਾਂ ਗੌਰਵ ਉਰਫ਼ ਗੋਲਾ ਖ਼ਿਲਾਫ਼ ਕਤਲ, ਪ੍ਰਿਜ਼ਨ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਕੇਸ ‘ਚ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਸਰਾਏ ਵਾਸੀ ਪਿੰਡ ਚੜ੍ਹੀ (ਫਤਹਿਗੜ੍ਹ ਸਾਹਿਬ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪੁਲਸ ਵੱਲੋਂ ਹੋਰ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਸਾਰੀ ਕਾਰਵਾਈ ਐੱਸ. ਪੀ. (ਡੀ) ਪਵਨਜੀਤ ਸਿੰਘ ਅਤੇ ਡੀਐੱਸਪੀ (ਡੀ) ਮੋਹਿਤ ਕੁਮਾਰ ਸਿੰਗਲਾ ਦੀ ਦੇਖਰੇਖ ਹੇਠ ਸੀ.ਆਈ.ਏ ਸਟਾਫ, ਥਾਣਾ ਪਾਇਲ, ਦੋਰਾਹਾ ਅਤੇ ਨਾਰਕੋਟਿਕ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਅੰਜਾਮ ਦਿੱਤੀ ਗਈ।

Leave a Reply

Your email address will not be published. Required fields are marked *