ਕੇਰਲ ਪਟਾਕਾ ਫੈਕਟਰੀ ਧਮਾਕਾ: PM ਮੋਦੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਤ੍ਰਿਸ਼ੂਰ ਸਥਿਤ ਇੱਕ ਪਟਾਕਾ ਨਿਰਮਾਣ ਯੂਨਿਟ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਹੋਏ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ।

ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਤਿਉਹਾਰ ਦੀਆਂ ਤਿਆਰੀਆਂ ਦੌਰਾਨ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ, ਇਹ ਧਮਾਕਾ ਤ੍ਰਿਸ਼ੂਰ ਦੇ ਮੁੰਡਾਥੀਕੋਡ ਇਲਾਕੇ ਵਿੱਚ ਸਥਿਤ ਇੱਕ ਯੂਨਿਟ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇੱਥੇ 26 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਪ੍ਰਸਿੱਧ ‘ਤ੍ਰਿਸ਼ੂਰ ਪੂਰਮ’ ਉਤਸਵ ਲਈ ਪਟਾਕੇ ਅਤੇ ਆਤਿਸ਼ਬਾਜ਼ੀ ਤਿਆਰ ਕੀਤੀ ਜਾ ਰਹੀ ਸੀ। ਧਮਾਕੇ ਦੇ ਸਮੇਂ ਘਟਨਾ ਵਾਲੀ ਥਾਂ ‘ਤੇ ਲਗਭਗ 40 ਲੋਕਾਂ ਦੇ ਮੌਜੂਦ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ।

ਪੀਐਮ ਮੋਦੀ ਨੇ ਪ੍ਰਗਟਾਈ ਹਮਦਰਦੀ
ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਕੇਰਲ ਦੇ ਤ੍ਰਿਸ਼ੂਰ ਵਿੱਚ ਇੱਕ ਪਟਾਕਾ ਬਣਾਉਣ ਵਾਲੀ ਯੂਨਿਟ ਵਿੱਚ ਹੋਈ ਦੁਰਘਟਨਾ ਵਿੱਚ ਜਾਨੀ ਨੁਕਸਾਨ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਮੇਰੀਆਂ ਡੂੰਘੀਆਂ ਸੰਵੇਦਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ”। ਫਿਲਹਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

Leave a Reply

Your email address will not be published. Required fields are marked *