ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਭਾਵੇਂ ਖਤਮ ਹੋ ਗਿਆ ਹੈ ਪਰ ਤੇਲ, ਗੈਸ ਸੰਕਟ ਅਜੇ ਵੀ ਬਰਕਰਾਰ ਹੈ। ਇਸ ਸੰਕਟ ਦਾ ਅਸਰ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਵਿੱਚ ਗੈਸ ਦੀ ਕਿੱਲਤ ਨੇ ਆਮ ਜਨਤਾ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਗੈਸ ਦੀ ਕਿੱਲਤ ਕਾਰਨ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਸ਼ਹਿਰ ਵਿੱਚ ਤਰਲ ਪੈਟਰੋਲੀਅਮ ਗੈਸ (LPG) ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਿਆ ਗਿਆ ਹੈ। ਵਪਾਰੀਆਂ ਵੱਲੋਂ ਕੀਤੀ ਜਾ ਰਹੀ ਕਾਲਾਬਾਜ਼ਾਰੀ ਕਾਰਨ LPG ਦੀ ਕੀਮਤ 400 ਪਾਕਿਸਤਾਨੀ ਰੁਪਏ ਤੋਂ ਵਧ ਕੇ 550 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦਕਿ ਸਰਕਾਰ ਵੱਲੋਂ ਨਿਰਧਾਰਤ ਅਧਿਕਾਰਤ ਕੀਮਤ ਸਿਰਫ਼ 300 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸੂਈ ਗੈਸ (Sui Gas) ਦੀ ਭਾਰੀ ਕਿੱਲਤ ਅਤੇ ਘੱਟ ਪ੍ਰੈਸ਼ਰ ਕਾਰਨ ਲੋਕ LPG ਸਿਲੰਡਰ ਖਰੀਦਣ ਲਈ ਮਜਬੂਰ ਹਨ। ਵਪਾਰੀਆਂ ਨੇ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਕੀਮਤਾਂ ਵਿੱਚ ਨਾਜਾਇਜ਼ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਵਿੱਚ ਵੀ ਹਾਲਾਤ ਬਦਤਰ ਹਨ, ਜਿੱਥੇ ਰੋਜ਼ਾਨਾ ਦੇ 9 ਘੰਟੇ ਦੇ ਨਿਰਧਾਰਤ ਸ਼ੈਡਿਊਲ ਦੇ ਬਾਵਜੂਦ ਲੋਕਾਂ ਨੂੰ ਗੈਸ ਸਪਲਾਈ ਨਹੀਂ ਮਿਲ ਰਹੀ। ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਗੈਸ ਆ ਰਹੀ ਹੈ, ਉੱਥੇ ਪ੍ਰੈਸ਼ਰ ਇੰਨਾ ਘੱਟ ਹੈ ਕਿ ਖਾਣਾ ਬਣਾਉਣਾ ਲਗਭਗ ਅਸੰਭਵ ਹੈ। ਸੂਈ ਸਾਊਦਰਨ ਗੈਸ ਕੰਪਨੀ (SSGC) ਦੇ ਸ਼ਡਿਊਲ ਅਨੁਸਾਰ ਸਵੇਰੇ, ਦੁਪਹਿਰ ਅਤੇ ਰਾਤ ਨੂੰ ਤਿੰਨ ਘੰਟੇ ਗੈਸ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੈਸ ਪਾਈਪਾਂ ਵਿੱਚ ਪਹਿਲੇ 15-20 ਮਿੰਟ ਸਿਰਫ਼ ਹਵਾ ਆਉਂਦੀ ਹੈ, ਜਿਸ ਕਾਰਨ ਮੀਟਰ ਤੇਜ਼ੀ ਨਾਲ ਚੱਲਦਾ ਹੈ ਅਤੇ ਲੋਕਾਂ ਦੇ ਮਾਸਿਕ ਬਿੱਲ ਵਧ ਰਹੇ ਹਨ। ਔਰਤਾਂ ਨੂੰ ਵਾਰ-ਵਾਰ ਚੁੱਲ੍ਹੇ ਬਾਲ ਕੇ ਚੈੱਕ ਕਰਨਾ ਪੈਂਦਾ ਹੈ ਕਿ ਗੈਸ ਸਪਲਾਈ ਸ਼ੁਰੂ ਹੋਈ ਹੈ ਜਾਂ ਨਹੀਂ।
ਲੋਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਜਨਤਾ ਵਿੱਚ ਇਸ ਗੰਭੀਰ ਸੰਕਟ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।