ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਗੁਮਰਾਹਕੁੰਨ ਬ੍ਰਾਂਡ ਨਾਮ, ਟ੍ਰੇਡ ਨਾਮ ਅਤੇ ਉਤਪਾਦ ਸਬੰਧੀ ਦਾਅਵਿਆਂ ਦੀ ਵਰਤੋਂ ਨੂੰ ਲੈ ਕੇ 8 ਫੂਡ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦੇ ਕੁਝ ਨਾਮ ਅਤੇ ਪ੍ਰਚਾਰ ਦਾਅਵੇ ਖੁਰਾਕ ਸੁਰੱਖਿਆ ਅਤੇ ਮਾਪਦੰਡ ਨਿਯਮ, 2006 ਅਤੇ ਸਬੰਧਿਤ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕਰ ਸਕਦੇ ਹਨ।
ਨੋਟਿਸ ਪਾਉਣ ਵਾਲੀਆਂ ਕੰਪਨੀਆਂ ’ਚ ਇਮਾਮੀ ਹੈਲਦੀ ਐਂਡ ਟੇਸਟੀ, ਹੈਲਥ ਐਡ, ਟਰੂਵੀ, ਦਿ ਹੈਲਦੀ ਫੈਕਟਰੀ, ਹੈਲਦੀ ਮਾਸਟਰ, ਹੈਲਦੀ ਚੁਆਇਸ, ਪਲਾਨ ਬੀ ਅਤੇ ਨਿਊਹਰਬਸ ਸ਼ਾਮਲ ਹਨ। ਐੱਫ. ਐੱਸ. ਐੱਸ. ਏ. ਆਈ. ਨੇ ਇਸ ਕਾਰਵਾਈ ਦੀ ਜਾਣਕਾਰੀ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਮੰਚ ਰਾਹੀਂ ਸਾਂਝੀ ਕੀਤੀ।
ਅਥਾਰਟੀ ਅਨੁਸਾਰ ਇਮਾਮੀ ਹੈਲਦੀ ਐਂਡ ਟੇਸਟੀ ਦਾ ਟ੍ਰੇਡ ਨਾਮ ਗਾਹਕਾਂ ਵਿਚਾਲੇ ਉਤਪਾਦ ਦੀ ਗੁਣਵੱਤਾ ਅਤੇ ਸਿਹਤ ਸਬੰਧੀ ਲਾਭਾਂ ਨੂੰ ਲੈ ਕੇ ਗੁੰਮਰਾਹਕੁੰਨ ਧਾਰਨਾ ਬਣਾ ਸਕਦਾ ਹੈ। ਇਸੇ ਤਰ੍ਹਾਂ ਪਲਾਨ ਬੀ ਦੁਆਰਾ ਆਪਣੇ ਉਤਪਾਦਾਂ ਨੂੰ ‘ਪਲਾਂਟ ਬੇਸਡ ਵੀਗਨ’ ਦੱਸ ਕੇ ਪ੍ਰਚਾਰ ਕੀਤੇ ਜਾਣ ’ਤੇ ਵੀ ਸਵਾਲ ਉਠਾਏ ਗਏ ਹਨ।
ਦਿ ਹੈਲਦੀ ਫੈਕਟਰੀ ਦੇ ‘ਜ਼ੀਰੋ ਮੈਦਾ ਹੋਲ ਵ੍ਹੀਟ ਬ੍ਰੈਡ’ ਅਤੇ ‘ਜ਼ੀਰੋ ਮੈਦਾ ਪਿਜ਼ਾ ਬੇਸ’ ਉਤਪਾਦਾਂ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਗਿਆ ਹੈ। ਰੈਗੂਲੇਟਰੀ ਅਨੁਸਾਰ ਇਨ੍ਹਾਂ ਉਤਪਾਦਾਂ ’ਤੇ ਕੀਤੇ ਦਾਅਵੇ ਨਿਯਮਾਂ ਦੇ ਅਨੁਕੂਲ ਨਹੀਂ ਦਿਸਦੇ ਅਤੇ ਗਾਹਕਾਂ ਨੂੰ ਗੁੰਮਰਾਹ ਕਰ ਸਕਦੇ ਹਨ।
ਐੱਫ. ਐੱਸ. ਐੱਸ. ਏ. ਆਈ. ਨੇ ਨਿਊਹਰਬਸ ਦੀ ‘ਟਰੂ ਵਿਟਾਮਿਨ’ ਉਤਪਾਦ ਲੜੀ ’ਤੇ ਵੀ ਇਤਰਾਜ਼ ਜਤਾਇਆ ਹੈ। ਉੱਥੇ ਹੀ ਟਰੂਵੀ ਦੇ ‘ਹੈਲਦੀ ਮਿਕਸ ਵੈਜੀ ਚਿਪਸ’, ‘ਹੈਲਦੀ ਰਾਗੀ ਚਿਪਸ’ ਅਤੇ ‘ਹੈਲਦੀ ਮੂੰਗ ਦਾਲ ਚਿਪਸ’ ਵਰਗੇ ਉਤਪਾਦਾਂ ’ਤੇ ‘ਹੈਲਦੀ’ ਹੋਣ ਦੇ ਦਾਅਵੇ ਨੂੰ ਲੈ ਕੇ ਸਵਾਲ ਉਠਾਏ ਗਏ ਹਨ।
ਇਸ ਤੋਂ ਇਲਾਵਾ ਹੈਲਦੀ ਮਾਸਟਰ ਦੀ ਟੈਗਲਾਈਨ ‘ਵਿਜ਼ਨ ਟੂ ਸਰਵ ਹੈਲਦੀ’, ਹੈਲਦੀ ਚੁਆਇਸ ਦੇ ‘ਹੈਲਦੀ ਫੂਡ ਫਾਰ ਹੈਲਦੀ ਲਾਈਫ ਪੋਹਾ’ ਅਤੇ ਹੈਲਥ ਐਡ ਦੇ ਬ੍ਰਾਂਡ ਨਾਮ ’ਤੇ ਵੀ ਰੈਗੂਲੇਟਰੀ ਨੇ ਇਤਰਾਜ਼ ਜਤਾਇਆ ਹੈ।