ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕਰਦਿਆਂ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਜੰਗਬੰਦੀ (ਸੀਜ਼ਫਾਇਰ) ਦੀ ਮਿਆਦ ਨੂੰ ਵਧਾ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਸੀਜ਼ਫਾਇਰ ਉਦੋਂ ਤੱਕ ਪ੍ਰਭਾਵੀ ਰਹੇਗਾ ਜਦੋਂ ਤੱਕ ਈਰਾਨ ਆਪਣਾ ਰਸਮੀ ਪ੍ਰਸਤਾਵ ਪੇਸ਼ ਨਹੀਂ ਕਰ ਦਿੰਦਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਚਰਚਾ ਕਿਸੇ ਸਿਰੇ ਨਹੀਂ ਲੱਗ ਜਾਂਦੀ।
ਨਾਕਾਬੰਦੀ ਰਹੇਗੀ ਜਾਰੀ
ਭਾਵੇਂ ਰਾਸ਼ਟਰਪਤੀ ਟਰੰਪ ਨੇ ਹਮਲੇ ਨੂੰ ਟਾਲ ਦਿੱਤਾ ਹੈ, ਪਰ ਉਨ੍ਹਾਂ ਨੇ ਈਰਾਨ ‘ਤੇ ਫੌਜੀ ਦਬਾਅ ਘੱਟ ਨਹੀਂ ਕੀਤਾ। ਉਨ੍ਹਾਂ ਨੇ ਅਮਰੀਕੀ ਫੌਜ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ (ਬਲਾਕੇਡ) ਨਿਰੰਤਰ ਜਾਰੀ ਰੱਖੀ ਜਾਵੇ। ਟਰੰਪ ਅਨੁਸਾਰ, ਅਮਰੀਕੀ ਸੈਨਾ ਬਾਕੀ ਸਾਰੇ ਮੋਰਚਿਆਂ ‘ਤੇ ਵੀ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹੈ।
ਪਾਕਿਸਤਾਨ ਦੀ ਵਿਚੋਲਗੀ ਦਾ ਅਸਰ
ਆਪਣੇ ਅਧਿਕਾਰਤ ਬਿਆਨ ਵਿੱਚ ਟਰੰਪ ਨੇ ਖੁਲਾਸਾ ਕੀਤਾ ਕਿ ਇਹ ਫੈਸਲਾ ਪਾਕਿਸਤਾਨ ਦੀ ਲੀਡਰਸ਼ਿਪ ਦੀ ਬੇਨਤੀ ‘ਤੇ ਲਿਆ ਗਿਆ ਹੈ। ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਮਰੀਕਾ ਨੂੰ ਅਪੀਲ ਕੀਤੀ ਸੀ ਕਿ ਕੂਟਨੀਤਕ ਰਸਤਿਆਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਤਾਂ ਜੋ ਈਰਾਨੀ ਆਗੂ ਇੱਕ ਸਾਂਝਾ ਪ੍ਰਸਤਾਵ ਤਿਆਰ ਕਰ ਸਕਣ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਵਿੱਚ ਈਰਾਨੀ ਸਰਕਾਰ ਅੰਦਰੂਨੀ ਤੌਰ ‘ਤੇ ਕਾਫੀ ਬਿਖਰੀ ਹੋਈ ਹੈ।
ਈਰਾਨ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਦੂਜੇ ਪਾਸੇ, ਈਰਾਨ ਨੇ ਅਮਰੀਕਾ ਦੇ ਇਸ ਕਦਮ ਨੂੰ ਨਕਾਰ ਦਿੱਤਾ ਹੈ। ਈਰਾਨੀ ਸੰਸਦ ਦੇ ਸਪੀਕਰ ਦੇ ਸਲਾਹਕਾਰ ਨੇ ਕਿਹਾ ਕਿ ਹਾਰਨ ਵਾਲਾ ਪੱਖ ਸ਼ਰਤਾਂ ਨਹੀਂ ਥੋਪ ਸਕਦਾ। ਉਨ੍ਹਾਂ ਨੇ ਸੀਜ਼ਫਾਇਰ ਵਧਾਉਣ ਨੂੰ ਅਚਾਨਕ ਹਮਲੇ ਲਈ ਸਮਾਂ ਲੈਣ ਦੀ ਇੱਕ ਰਣਨੀਤੀ ਕਰਾਰ ਦਿੱਤਾ। ਈਰਾਨ ਨੇ ਬੰਦਰਗਾਹਾਂ ਦੀ ਨਾਕਾਬੰਦੀ ਨੂੰ ‘ਬੰਬਾਰੀ’ ਦੇ ਬਰਾਬਰ ਦੱਸਦਿਆਂ ਇਸ ਦਾ ਫੌਜੀ ਜਵਾਬ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।