ਦਿਲ ਦੇ ਮਰੀਜ਼ਾਂ ਲਈ ਵੱਡੀ ਖੁਸ਼ਖਬਰੀ: ਹੁਣ ਸਿਰਫ਼ ਇਕ ਵਾਰ ਦੀ ਜੀਨ ਥੈਰੇਪੀ ਨਾਲ 62% ਤੱਕ ਘਟੇਗਾ ‘ਬੈਡ’ ਕੋਲੈਸਟ੍ਰੋਲ

ਮੈਡੀਕਲ ਵਿਗਿਆਨ ਦੇ ਖੇਤਰ ‘ਚ ਇਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ, ਜਿਸ ਨਾਲ ਦਿਲ ਦੇ ਮਰੀਜ਼ਾਂ ਨੂੰ ਹੁਣ ਉਮਰ ਭਰ ਦਵਾਈਆਂ ਖਾਣ ਤੋਂ ਨਿਜਾਤ ਮਿਲ ਸਕਦੀ ਹੈ। ਵਿਗਿਆਨੀਆਂ ਅਨੁਸਾਰ, ਇਕ ਨਵੀਂ ਪ੍ਰਯੋਗਾਤਮਕ ਜੀਨ ਥੈਰੇਪੀ ਰਾਹੀਂ ‘ਬੈਡ’ ਕੋਲੈਸਟ੍ਰੋਲ (LDL) ਨੂੰ 62% ਤੱਕ ਘਟਾਇਆ ਜਾ ਸਕਦਾ ਹੈ।

ਕੀ ਹੈ ਇਹ ਨਵੀਂ ਤਕਨੀਕ?
ਇਕ ਅਧਿਐਨ ਅਨੁਸਾਰ, VERVE-102 ਨਾਮਕ ਇਸ ਥੈਰੇਪੀ ਨੇ ਉਨ੍ਹਾਂ ਮਰੀਜ਼ਾਂ ‘ਚ ਸ਼ਾਨਦਾਰ ਨਤੀਜੇ ਦਿਖਾਏ ਹਨ ਜੋ ਜਾਨਲੇਵਾ ਹਾਈ ਕੋਲੈਸਟ੍ਰੋਲ ਦੀ ਬਿਮਾਰੀ ਨਾਲ ਜੂਝ ਰਹੇ ਸਨ। ਇਹ ਤਕਨੀਕ “ਬੇਸ ਐਡੀਟਿੰਗ” ਦੀ ਵਰਤੋਂ ਕਰਦੀ ਹੈ, ਜੋ ਜੀਨ ਐਡੀਟਿੰਗ ਦਾ ਇਕ ਬਹੁਤ ਹੀ ਸਟੀਕ ਰੂਪ ਹੈ। ਇਹ ਥੈਰੇਪੀ ਜਿਗਰ ‘ਚ ਮੌਜੂਦ PCSK9 ਨਾਮਕ ਜੀਨ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੰਦੀ ਹੈ, ਜੋ ਖੂਨ ‘ਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ।

ਭਾਰਤ ਲਈ ਕਿਉਂ ਹੈ ਅਹਿਮ?
ਭਾਰਤ ‘ਚ ਦਿਲ ਦੀਆਂ ਬਿਮਾਰੀਆਂ ਮੌਤਾਂ ਦਾ ਇਕ ਮੁੱਖ ਕਾਰਨ ਹਨ, ਜਿੱਥੇ ਲਗਭਗ 28% ਮੌਤਾਂ ਦਿਲ ਨਾਲ ਸਬੰਧਤ ਬਿਮਾਰੀਆਂ ਕਾਰਨ ਹੁੰਦੀਆਂ ਹਨ। ਏਮਜ਼ (AIIMS) ਦੇ ਕਾਰਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਨੇ ਇਸ ਅਧਿਐਨ ਨੂੰ ਇਕ ਮਹੱਤਵਪੂਰਨ ਕਦਮ ਦੱਸਿਆ ਹੈ। ਉਨ੍ਹਾਂ ਅਨੁਸਾਰ, ਜੇਕਰ ਲੰਬੇ ਸਮੇਂ ਦੀ ਸੁਰੱਖਿਆ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਕੋਲੈਸਟ੍ਰੋਲ ਦੇ ਇਲਾਜ ‘ਚ ਇਕ ਵੱਡੀ ਕ੍ਰਾਂਤੀ ਲਿਆ ਸਕਦੀ ਹੈ।

ਅਧਿਐਨ ਦੇ ਮੁੱਖ ਨੁਕਤੇ :-

ਇਕ ਵਾਰ ਦਾ ਇਲਾਜ
– ਇਹ ਇਕ “ਵਨ-ਐਂਡ-ਡਨ” ਪਹੁੰਚ ਹੈ, ਜਿਸ ਦਾ ਅਸਰ ਘੱਟੋ-ਘੱਟ ਇਕ ਸਾਲ ਤੱਕ ਦੇਖਿਆ ਗਿਆ ਹੈ।

ਵੱਧ ਖੁਰਾਕ, ਵੱਧ ਅਸਰ
– ਵਿਗਿਆਨੀਆਂ ਨੇ ਪਾਇਆ ਕਿ ਜਿਵੇਂ-ਜਿਵੇਂ ਥੈਰੇਪੀ ਦੀ ਖੁਰਾਕ ਵਧਾਈ ਗਈ, ਕੋਲੈਸਟ੍ਰੋਲ ‘ਚ ਗਿਰਾਵਟ ਵੀ ਵਧੇਰੇ ਦਰਜ ਕੀਤੀ ਗਈ।

ਸੁਰੱਖਿਆ
– ਸ਼ੁਰੂਆਤੀ ਟਰਾਇਲਾਂ ਦੌਰਾਨ ਸੁਰੱਖਿਆ ਸਬੰਧੀ ਕੋਈ ਵੱਡੀ ਚਿੰਤਾ ਸਾਹਮਣੇ ਨਹੀਂ ਆਈ ਹੈ।

ਅਗਲਾ ਕਦਮ 
– ਸੂਤਰਾਂ ਅਨੁਸਾਰ ਇਸ ਸਾਲ ਦੇ ਅੰਤ ਤੱਕ ਇਸ ਥੈਰੇਪੀ ਦੇ ਦੂਜੇ ਪੜਾਅ ਦੇ ਕਲੀਨਿਕਲ ਅਧਿਐਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਟਰਾਇਲ ਸਫ਼ਲ ਰਹਿੰਦੇ ਹਨ, ਤਾਂ ਆਉਣ ਵਾਲੇ ਸਮੇਂ ‘ਚ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕੇਗਾ।

Leave a Reply

Your email address will not be published. Required fields are marked *