ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ (FWICE) ਵਿਚਾਲੇ ਚੱਲ ਰਿਹਾ ਵਿਵਾਦ ਹੁਣ ਹੋਰ ਗਰਮਾ ਗਿਆ ਹੈ। FWICE ਵੱਲੋਂ ਰਣਵੀਰ ਸਿੰਘ ਖਿਲਾਫ ‘ਅਸਹਿਯੋਗ ਨਿਰਦੇਸ਼’ (Non-Cooperation Directive – NCD) ਯਾਨੀ ਬਾਈਕਾਟ ਦਾ ਐਲਾਨ ਕੀਤੇ ਜਾਣ ਤੋਂ ਬਾਅਦ, ਹੁਣ ਅਦਾਕਾਰ ਨੇ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜੀ ਹੈ। ਰਣਵੀਰ ਸਿੰਘ ਦੇ ਅਧਿਕਾਰਤ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਫਿਲਮ ਇੰਡਸਟਰੀ ਦਾ ਦਿਲੋਂ ਸਤਿਕਾਰ ਕਰਦੇ ਹਨ।
ਰਣਵੀਰ ਸਿੰਘ ਦੇ ਬੁਲਾਰੇ ਨੇ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ ਕਿਹਾ, “ਰਣਵੀਰ ਸਿੰਘ ਫਿਲਮ ਜਗਤ ਅਤੇ ‘ਡੌਨ’ ਫਰੈਂਚਾਈਜ਼ੀ ਨਾਲ ਜੁੜੇ ਹਰ ਵਿਅਕਤੀ ਲਈ ਆਪਣੇ ਦਿਲ ਵਿੱਚ ਬਹੁਤ ਸਤਿਕਾਰ ਰੱਖਦੇ ਹਨ। ‘ਡੌਨ 3’ ਨੂੰ ਲੈ ਕੇ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਦੌਰਾਨ ਉਨ੍ਹਾਂ ਨੇ ਜਾਣਬੁੱਝ ਕੇ ਚੁੱਪ ਰਹਿਣ ਦਾ ਫੈਸਲਾ ਕੀਤਾ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੇਸ਼ੇਵਰ ਗੱਲਬਾਤ ਅਤੇ ਨਿੱਜੀ ਸਬੰਧਾਂ ਨੂੰ ਮਰਿਆਦਾ ਅਤੇ ਆਪਸੀ ਸਤਿਕਾਰ ਨਾਲ ਹੀ ਸੰਭਾਲਿਆ ਜਾਣਾ ਚਾਹੀਦਾ ਹੈ।”
ਬੁਲਾਰੇ ਨੇ ਅੱਗੇ ਕਿਹਾ ਕਿ ਰਣਵੀਰ ਨੇ ਕਦੇ ਵੀ ਇਨ੍ਹਾਂ ਅਫ਼ਵਾਹਾਂ ‘ਤੇ ਜਨਤਕ ਤੌਰ ‘ਤੇ ਪ੍ਰਤੀਕਿਰਿਆ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਦਾ ਪੂਰਾ ਧਿਆਨ ਆਪਣੇ ਕੰਮ ਅਤੇ ਆਉਣ ਵਾਲੇ ਪ੍ਰੋਜੈਕਟਾਂ ‘ਤੇ ਹੈ। ਉਹ ਫਰੈਂਚਾਈਜ਼ੀ ਦੀ ਸਫਲਤਾ ਦੀ ਕਾਮਨਾ ਕਰਦੇ ਹਨ ਅਤੇ ਅੱਗੇ ਵੀ ਇਸ ਮਾਮਲੇ ‘ਤੇ ਸੰਜਮ ਬਣਾਈ ਰੱਖਣਗੇ।
ਕੀ ਹੈ ਪੂਰਾ ਵਿਵਾਦ?
ਇਹ ਸਾਰਾ ਵਿਵਾਦ ਫਿਲਮ ‘ਡੌਨ 3’ ਨਾਲ ਜੁੜਿਆ ਹੋਇਆ ਹੈ। ਫਿਲਮ ਦੇ ਨਿਰਮਾਤਾ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਨੇ FWICE ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਣਵੀਰ ਸਿੰਘ ਆਖਰੀ ਮੌਕੇ ‘ਤੇ ਇਸ ਫਿਲਮ ਤੋਂ ਪਿੱਛੇ ਹਟ ਗਏ, ਜਿਸ ਕਾਰਨ ਉਨ੍ਹਾਂ ਨੂੰ ਫਿਲਮ ਦੇ ਪ੍ਰੀ-ਪ੍ਰੋਡਕਸ਼ਨ (ਤਿਆਰੀਆਂ) ਵਿੱਚ ਲਗਭਗ 45 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਫੈਡਰੇਸ਼ਨ ਮੁਤਾਬਕ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਕਈ ਨੋਟਿਸ ਭੇਜੇ ਸਨ, ਪਰ ਸਹੀ ਜਵਾਬ ਨਾ ਮਿਲਣ ‘ਤੇ ਉਨ੍ਹਾਂ ਨੂੰ ਬਾਈਕਾਟ (NCD) ਦਾ ਫੈਸਲਾ ਲੈਣਾ ਪਿਆ।
ਦੂਜੇ ਪਾਸੇ, ਰਣਵੀਰ ਸਿੰਘ ਨੇ ਫੈਡਰੇਸ਼ਨ ਦੇ ਨੋਟਿਸਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ FWICE ਇਸ ਮਾਮਲੇ ਦੇ ਨਿਪਟਾਰੇ ਲਈ ਸਹੀ ਮੰਚ ਨਹੀਂ ਹੈ। ਇਹ ਮਾਮਲਾ ਕੰਟਰੈਕਟ ਨਾਲ ਜੁੜਿਆ ਹੋਇਆ ਹੈ, ਜਿਸਦਾ ਫੈਸਲਾ ਕਾਨੂੰਨੀ ਅਦਾਲਤ ਵਿੱਚ ਹੀ ਹੋਣਾ ਚਾਹੀਦਾ ਹੈ।