ਰੂਸ ਦੇ ਕੈਮਚੈਟਕਾ ਪ੍ਰਾਇਦੀਪ ਵਿੱਚ 30 ਜੁਲਾਈ ਨੂੰ ਆਏ ਵੱਡੇ ਭੂਚਾਲ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਇਸ ਖੇਤਰ ਵਿੱਚ 140 ਤੋਂ ਵੱਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਐਮਰਜੈਂਸੀ ਸਥਿਤੀ ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਕਿਹਾ, “ਪਿਛਲੇ 24 ਘੰਟਿਆਂ ਦੌਰਾਨ ਇਸ ਖੇਤਰ ਵਿੱਚ 3.2 ਤੋਂ 6.2 ਤੀਬਰਤਾ ਦੇ 146 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਆਬਾਦੀ ਵਾਲੇ ਖੇਤਰਾਂ ਵਿੱਚ 2 ਤੋਂ 5 ਤੀਬਰਤਾ ਦੇ 20 ਤੋਂ ਵੱਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।”
ਅਧਿਕਾਰੀਆਂ ਨੇ ਦੱਸਿਆ ਕਿ ਬੇਜ਼ੀਮਿਆਨੀ, ਸ਼ਿਵੇਲੁਚ, ਕਲੀਉਚੇਵਸਕੋਏ ਅਤੇ ਕਰਿੰਸਕੀ ਜਵਾਲਾਮੁਖੀ ਸਰਗਰਮ ਹੋ ਗਏ ਹਨ। ਇਸ ਤੋਂ ਇਲਾਵਾ ਕੰਬਾਲਨੀ ਜਵਾਲਾਮੁਖੀ ‘ਤੇ ਭੂਚਾਲ ਦੀ ਗਤੀਵਿਧੀ ਦਰਜ ਕੀਤੀ ਜਾ ਰਹੀ ਹੈ, ਜਿਸ ਵਿਚ ਵਿਸਫੋਟ ਹੋ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ ਬੁੱਧਵਾਰ ਨੂੰ ਰੂਸ ਦੇ ਕੈਮਚੈਟਕਾ ਤੱਟ ‘ਤੇ 8.8 ਤੀਬਰਤਾ ਦਾ ਭੂਚਾਲ ਆਇਆ, ਜੋ ਕਿ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਸਖਾਲਿਨ ਖੇਤਰ ਲਈ ਰੂਸੀ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਅਨੁਸਾਰ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਹੋਰ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।