40 ਦੀ ਉਮਰ ’ਚ ਸ਼ੁਰੂ ਹੋ ਸਕਦਾ ਹੈ ਗੋਡਿਆਂ ਦਾ ਦਰਦ, ਬਦਲਣੀਆਂ ਪੈਣਗੀਆਂ ਰੋਜ਼ਾਨਾ ਦੀਆਂ ਆਦਤਾਂ!

ਗੋਡਿਆਂ ਦਾ ਦਰਦ ਹੁਣ ਸਿਰਫ ਬਜ਼ੁਰਗਾਂ ਤੱਕ ਸੀਮਤ ਨਹੀਂ ਰਿਹਾ। ਅੱਜਕਲ 40 ਅਤੇ 50 ਦੀ ਉਮਰ ਦੇ ਲੋਕਾਂ ਵਿਚ ਵੀ ਗੋਡਿਆਂ ਦੀ ਤਕਲੀਫ਼ ਤੇਜ਼ੀ ਨਾਲ ਵਧ ਰਹੀ ਹੈ। ਮਾਹਿਰਾਂ ਅਨੁਸਾਰ ਖ਼ਰਾਬ ਲਾਈਫਸਟਾਈਲ, ਮੋਟਾਪਾ, ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਅਤੇ ਹਾਈ-ਇੰਟੈਂਸਿਟੀ ਫਿਟਨੈੱਸ ਰੁਟੀਨ ਇਸ ਦੇ ਮੁੱਖ ਕਾਰਨ ਬਣ ਰਹੇ ਹਨ।

ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਆਰਥੋਪੈਡਿਕ ਸਰਜਨ ਰਾਜੇਸ਼ ਮਲਹੋਤਰਾ ਨੇ ਇਕ ਮੀਡੀਆ ਰਿਪੋਰਟ ਵਿਚ ਦੱਸਿਆ ਹੈ ਕਿ ਆਈ.ਟੀ. ਪ੍ਰੋਫੈਸ਼ਨਲਜ਼ ਅਤੇ ਲੰਮੇ ਸਮੇਂ ਤੱਕ ਡੈਸਕ ਜਾਬ ਕਰਨ ਵਾਲੇ ਲੋਕਾਂ ਵਿਚ ਗੋਡਿਆਂ ਦੀਆਂ ਸਮੱਸਿਆਵਾਂ ਜ਼ਿਆਦਾ ਦੇਖੀਆਂ ਜਾ ਰਹੀਆਂ ਹਨ।

ਕੀ ਹੈ ‘ਸਿਨੇਮਾ ਸਾਈਨ’?
ਡਾ. ਮਲਹੋਤਰਾ ਨੇ ਦੱਸਿਆ ਕਿ ਲੰਮੇ ਸਮੇਂ ਤੱਕ ਬੈਠੇ ਰਹਿਣ ਤੋਂ ਬਾਅਦ ਗੋਡਿਆਂ ਵਿਚ ਅਕੜਾਅ ਅਤੇ ਪਹਿਲੇ ਕੁਝ ਕਦਮਾਂ ਵਿਚ ਦਰਦ ਹੋਣਾ “ਸਿਨੇਮਾ ਸਾਈਨ” ਕਹਾਉਂਦਾ ਹੈ। ਇਹ ਅਕਸਰ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕੋਈ ਵਿਅਕਤੀ ਮੂਵੀ ਹਾਲ, ਫਲਾਈਟ ਜਾਂ ਕਾਰ ਵਿਚ ਲੰਮੇ ਸਮੇਂ ਤੱਕ ਬੈਠਾ ਰਹੇ। ਉਨ੍ਹਾਂ ਕਿਹਾ ਕਿ ਜਦੋਂ ਗੋਡਿਆਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਉਦੋਂ ਪੂਰੇ ਸਰੀਰ ਦਾ ਭਾਰ ਸਿੱਧਾ ਜੋੜਾਂ ’ਤੇ ਪੈਣ ਲੱਗਦਾ ਹੈ।

ਸ਼ੁਰੂਆਤੀ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਮਾਹਿਰਾਂ ਅਨੁਸਾਰ ਪੌੜੀਆਂ ਚੜ੍ਹਦੇ ਸਮੇਂ ਦਰਦ ਹੋਣਾ, ਜ਼ਮੀਨ ਤੋਂ ਉੱਠਣ ਵਿਚ ਪ੍ਰੇਸ਼ਾਨੀ, ਹਾਈ ਹੀਲ ਪਹਿਨਣ ਤੋਂ ਬਾਅਦ ਬੇਅਰਾਮੀ ਜਾਂ ਜਿੰਮ ਵਿਚ ਸਕੁਐਟਸ ਅਤੇ ਲੰਜੇਸ ਕਰਦੇ ਸਮੇਂ ਦਰਦ ਹੋਣਾ ਸ਼ੁਰੂਆਤੀ ਚਿਤਾਵਨੀ ਸੰਕੇਤ ਹੋ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਅਕਸਰ ਇਸ ਨੂੰ ਉਮਰ ਵਧਣ ਦਾ ਆਮ ਹਿੱਸਾ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਦਕਿ ਸਮਾਂ ਰਹਿੰਦੇ ਜਾਂਚ ਕਰਵਾਉਣੀ ਜ਼ਰੂਰੀ ਹੈ।

ਮੋਟਾਪਾ ਵਧਾ ਰਿਹਾ ਖ਼ਤਰਾਡਾ. ਮਲਹੋਤਰਾ ਦੇ ਮੁਤਾਬਕ ਸਰੀਰ ਦਾ ਹਰ ਵਾਧੂ ਕਿੱਲੋ ਵਜ਼ਨ ਚੱਲਦੇ ਸਮੇਂ ਗੋਡਿਆਂ ’ਤੇ 3 ਤੋਂ 6 ਕਿੱਲੋ ਵਾਧੂ ਦਬਾਅ ਪਾਉਂਦਾ ਹੈ। ਇਸ ਨਾਲ ਕਾਰਟੀਲੇਜ ਤੇਜ਼ੀ ਨਾਲ ਘਿਸਣ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਸਿਰਫ 5 ਤੋਂ 10 ਫ਼ੀਸਦੀ ਵਜ਼ਨ ਘੱਟ ਕਰਨ ਨਾਲ ਵੀ ਦਰਦ ਅਤੇ ਚੱਲਣ-ਫਿਰਨ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ।

ਜਿੰਮ ਵਿਚ ਹੋ ਰਹੀਆਂ ਵੱਡੀਆਂ ਗ਼ਲਤੀਆਂ
ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਬਿਨਾਂ ਸਹੀ ਵਾਰਮ-ਅੱਪ ਦੇ ਭਾਰੀ ਵਜ਼ਨ ਚੁੱਕਣਾ, ਦਰਦ ਦੇ ਬਾਵਜੂਦ ਲਗਾਤਾਰ ਸਕੁਐਟਸ ਅਤੇ ਲੰਜੇਸ ਕਰਨਾ ਜਾਂ ਅਚਾਨਕ ਹਾਈ-ਇੰਟੈਂਸਿਟੀ ਵਰਕਆਊਟ ਸ਼ੁਰੂ ਕਰਨਾ ਗੋਡਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੀਪ ਸਕੁਐਟਸ, ਭਾਰੀ ਡੈੱਡਲਿਫਟ ਅਤੇ ਤੇਜ਼ ਸਪੀਡ ’ਤੇ ਇਨਕਲਾਈਨ ਟ੍ਰੈਡਮਿਲ ਰਨਿੰਗ ਕਈ ਲੋਕਾਂ ਵਿਚ ਦਰਦ ਨੂੰ ਵਧਾ ਰਹੀ ਹੈ।

ਕਦੋਂ ਜ਼ਰੂਰੀ ਹੁੰਦੀ ਹੈ ਸਰਜਰੀ?
ਡਾਕਟਰਾਂ ਅਨੁਸਾਰ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਨੀ ਰਿਪਲੇਸਮੈਂਟ ਤੋਂ ਆਮ ਤੌਰ ’ਤੇ ਬਚਿਆ ਜਾਂਦਾ ਹੈ, ਕਿਉਂਕਿ ਆਰਟੀਫੀਸ਼ੀਅਲ ਜੋੜ ਦੀ ਉਮਰ ਸੀਮਤ ਹੁੰਦੀ ਹੈ। ਸਰਜਰੀ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਦਰਦ ਕਾਰਨ ਵਿਅਕਤੀ ਦੀ ਰੋਜ਼ਾਨਾ ਦੀ ਜ਼ਿੰਦਗੀ, ਨੀਂਦ ਅਤੇ ਆਮ ਗਤੀਵਿਧੀਆਂ ਗੰਭੀਰ ਰੂਪ ’ਚ ਪ੍ਰਭਾਵਿਤ ਹੋਣ ਲੱਗਣ।

ਕਿਵੇਂ ਬਚਾਈਏ ਗੋਡਿਆਂ ਨੂੰ?
ਮਾਹਿਰਾਂ ਨੇ ਸਲਾਹ ਦਿੱਤੀ ਕਿ ਸਿਹਤਮੰਦ ਵਜ਼ਨ ਬਣਾਈ ਰੱਖਣਾ, ਰੋਜ਼ਾਨਾ ਸੈਰ ਕਰਨਾ, ਤੈਰਾਕੀ ਅਤੇ ਹਲਕੀ ਸਾਈਕਲਿੰਗ ਵਰਗੀ ਲੋ-ਇੰਪੈਕਟ ਐਕਸਰਸਾਈਜ਼ ਕਰਨਾ ਫ਼ਾਇਦੇਮੰਦ ਹੈ। ਇਸ ਦੇ ਨਾਲ ਹੀ ਗੋਡਿਆਂ ਅਤੇ ਚੂਲਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਫਿਜ਼ੀਓਥੈਰੇਪੀ ਨੂੰ ਵੀ ਬੇਹੱਦ ਜ਼ਰੂਰੀ ਦੱਸਿਆ ਗਿਆ ਹੈ।

Leave a Reply

Your email address will not be published. Required fields are marked *