ਲੌਂਗੋਵਾਲ, 16 ਅਕਤੂਬਰ (ਜਗਸੀਰ ਸਿੰਘ) – ਅੱਜ ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਹੁਲ ਚਾਬਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸਾਂਭ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਬਲਾਕ ਸੰਗਰੂਰ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ । ਇਸ ਮੌਕੇ ਸ਼੍ਰੀ ਰਾਜਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਦੀ ਹਾਜਰੀ ਵਿਚ ਪਿੰਡ ਲੌਂਗੋਵਾਲ ਵਿਖੇ ਕਿਸਾਨ ਹਰਜੀਤ ਸਿੰਘ ਨੇ 9 ਏਕੜ ਰਕਬੇ ਵਿਚ ਐਕਸ ਸੀਟੂ ਮੈਨਜਮੈਂਟ ਤਹਿਤ ਬੇਲਰ ਮਸ਼ੀਨ ਨਾਲ ਗੰਢਾਂ ਬਣਵਾ ਕੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕੀਤੀ । ਬੇਲਰ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਤਿੰਨੋਂ ਬੇਲਰ ਲੌਂਗੋਵਾਲ ਦੇ ਇਲਾਕੇ ਵਿੱਚ ਹੀ ਚੱਲਣਗੇ ਅਤੇ ਕੋਈ ਵੀ ਕਿਸਾਨ ਝੋਨੇ ਦੀ ਫਸਲ ਵੱਢਣ ਤੋਂ ਬਆਦ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਪਰ ਕਿਸਾਨ ਕਟਰ ਨਾਲ ਕਰਚੇ ਵੱਢ ਕੇ ਪੰਜ ਕੁ ਦਿਨ ਚੰਗੀ ਤਰ੍ਹਾਂ ਪਰਾਲੀ ਸੁਕਾ ਕੇ ਹੀ ਉਹਨਾਂ ਕੋਲੋਂ ਗੰਢਾਂ ਬਣਵਾਉਣ । ਇਸ ਦੌਰਾਨ ਸ਼੍ਰੀ ਰਾਜਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦਬਾਜ਼ੀ ਤੋਂ ਕੰਮ ਨਾ ਲੈਣ ਅਤੇ ਪਰਾਲੀ ਨੂੰ ਸੁਕਾ ਕੇ ਹੀ ਉਸ ਦੀਆਂ ਗੰਢਾਂ ਬਣਵਾਉਣ ਤਾਂ ਜੋ ਬੇਲਰ ਮਾਲਕਾਂ ਨੂੰ ਗੰਢਾਂ ਸਟੋਰ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਦੱਸਿਆ ਕਿ ਭਾਰੀ ਬਾਰਸ਼ਾਂ ਕਾਰਨ ਜ਼ਮੀਨਾਂ ਵਿੱਚ ਵੱਤਰ ਜ਼ਿਆਦਾ ਹੋਣ ਕਰਕੇ ਅਗੇਤੀ ਬੀਜੀ ਕਣਕ ਦੀ ਫਸਲ ਵਿੱਚ ਕਿਸਾਨਾਂ ਨੂੰ ਸੂੰਡੀ ਅਤੇ ਨਦੀਨਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਕਿਸਾਨ ਕਣਕ ਦੀ ਅਗੇਤੀ ਬਿਜਾਈ ਨਾ ਕਰਨ । ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਤਕਨੀਕਾਂ ਨਾਲ ਸਾਂਭ ਸੰਭਾਲ ਕਰਨ ਦਾ ਸੁਨੇਹਾ ਵੀ ਦਿੱਤਾ ।
9 ਏਕੜ ਰਕਬੇ ਵਿੱਚ ਪਰਾਲੀ ਦੀਆਂ ਗੰਢਾਂ ਬਣਵਾਈਆਂ