ਬਾਲੀਵੁੱਡ ਅਦਾਕਾਰਾ ਸ਼ਿਵਾਲਿਕਾ ਓਬਰਾਏ ਅਤੇ ਮਸ਼ਹੂਰ ਫਿਲਮ ਨਿਰਮਾਤਾ ਅਭਿਸ਼ੇਕ ਪਾਠਕ ਨੇ ਆਪਣੀ ਨਵਜਨਮੀ ਧੀ ਦੇ ਨਾਮ ਦਾ ਖੁਲਾਸਾ ਕੀਤਾ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਧੀ ਨਾਲ ਜਾਣੂ ਕਰਵਾਇਆ।

ਜੋੜੇ ਨੇ ਆਪਣੀ ਧੀ ਦਾ ਨਾਮ ‘ਆਰਿਕਾ ਪਾਠਕ’ ਰੱਖਿਆ ਹੈ। ਇਸ ਨਾਮ ਦੇ ਪਿੱਛੇ ਦੀ ਮਹੱਤਤਾ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ‘ਆਰਿਕਾ’ ਵਿੱਚ ਦੇਵੀ ਲਕਸ਼ਮੀ ਦਾ ਸਾਰ ਹੈ, ਜੋ ਕਿ ਕਿਰਪਾ, ਖੁਸ਼ਹਾਲੀ ਅਤੇ ਬ੍ਰਹਮ ਸੁੰਦਰਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਖੁਸ਼ਖਬਰੀ ਦੇ ਨਾਲ ਇੱਕ ਪਰਿਵਾਰਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦੋਵੇਂ ਨਵੇਂ ਮਾਪੇ ਮੁਸਕਰਾਉਂਦੇ ਹੋਏ ਆਪਣੀ ਧੀ ਨੂੰ ਗੋਦ ਵਿੱਚ ਲਈ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਸ਼ਿਵਾਲਿਕਾ ਓਬਰਾਏ ਅਤੇ ਅਭਿਸ਼ੇਕ ਪਾਠਕ ਕਈ ਸਾਲਾਂ ਦੇ ਰਿਸ਼ਤੇ ਤੋਂ ਬਾਅਦ 9 ਫਰਵਰੀ, 2023 ਨੂੰ ਗੋਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਸ਼ਿਵਾਲਿਕਾ ਨੂੰ ‘ਯੇ ਸਾਲੀ ਆਸ਼ਿਕੀ’ ਅਤੇ ‘ਖੁਦਾ ਹਾਫਿਜ਼’ ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਜਦੋਂਕਿ ਅਭਿਸ਼ੇਕ ਪਾਠਕ ਇੱਕ ਸਫਲ ਨਿਰਦੇਸ਼ਕ ਅਤੇ ਨਿਰਮਾਤਾ ਹਨ, ਜਿਨ੍ਹਾਂ ਨੇ ‘ਦ੍ਰਿਸ਼ਯਮ 2’ ਅਤੇ ‘ਉਜੜਾ ਚਮਨ’ ਵਰਗੀਆਂ ਵੱਡੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ ਅਤੇ ‘ਪਿਆਰ ਕਾ ਪੰਚਨਾਮਾ’, ‘ਪਿਆਰ ਕਾ ਪੰਚਨਾਮਾ 2’, ‘ਸੈਕਸ਼ਨ 375’ ਅਤੇ ‘ਖੁਦਾ ਹਾਫਿਜ਼’ ਵਰਗੀਆਂ ਫਿਲਮਾਂ ਨੂੰ ਪ੍ਰੋਡਿਊਸ ਵੀ ਕੀਤਾ ਹੈ।