ਪ੍ਰਧਾਨ ਮੰਤਰੀ ਨਰਿੰਦਰ ਮਦੀ ਨੇ ਉਨ੍ਹਾਂ ਦੀ ਸਰਕਾਰ ਵਲੋਂ ਪਿਛਲੇ 12 ਸਾਲਾਂ ‘ਚ ਚੁੱਕੇ ਗਏ ਵੱਖ-ਵੱਖ ਕਲਿਆਣਕਾਰੀ ਕਦਮਾਂ ‘ਤੇ ਸੋਮਵਾਰ ਨੂੰ ਚਾਨਣਾ ਪਾਇਆ ਅਤੇ ਕਿਹਾ ਕਿ ਭਾਰਤ ਨੇ ਕਈ ਬਦਲਾਅ ਦੇਖੇ ਹਨ ਅਤੇ ਇਨ੍ਹਾਂ ਤਬਦੀਲੀਆਂ ਦਾ ਮੂਲ ਗਰੀਬਾਂ ਦਾ ਕਲਿਆਣ ਹੈ। ਆਪਣੇ ਤੀਜੇ ਕਾਰਜਕਾਲ ਦਾ ਦੂਜਾ ਸਾਲ ਪੂਰਾ ਹੋਣ ‘ਤੇ ਪੀ.ਐੱਮ. ਮੋਦੀ ਨੇ ਡਾਇਰੈਕਟ ਲਾਭ ਟਰਾਂਸਫਰ, ਸਵੱਛ ਭਾਰਤ, ਪੀਐੱਮ ਰਿਹਾਇਸ਼ ਯੋਜਨਾ ਅਤੇ ਆਯੂਸ਼ਮਾਨ ਭਾਰਤ ਵਰਗੀਆਂ ਪਹਿਲਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਸਾਰੇ ਕਦਮ ਲੋਕਾਂ ਨੂੰ ਸਨਮਾਨ ਅਤੇ ਮੌਕੇ ਦਿਵਾਉਣ ਦੇ ਸਰਲ ਮਕਸਦ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਪਿਛਲੇ 12 ਸਾਲਾਂ ‘ਚ ਭਾਰਤ ਨੇ ਕਈ ਬਦਲਾਅ ਦੇਖੇ ਹਨ ਅਤੇ ਇਨ੍ਹਾਂ ਤਬਦੀਲੀਆਂ ਦੇ ਮੂਲ ‘ਚ ਗਰੀਬਾਂ ਅਤੇ ਵਾਂਝਿਆਂ ਦਾ ਕਲਿਆਣ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ‘ਅੰਤਯੋਦਿਆ’ ਤੋਂ ਪ੍ਰੇਰਿਤ ਰਹੀ ਹੈ ਅਤੇ ਉਸ ਦੀ ਕੋਸ਼ਿਸ਼ ਹਮੇਸ਼ਾ ਇਹ ਯਕੀਨੀ ਕਰਨਾ ਹੈ ਕਿ ਵਿਕਾਸ ਦਾ ਲਾਭ ਉਨ੍ਹਾਂ ਲੋਕਾਂ ਤੱਕ ਪਹੁੰਚੇ, ਜੋ ਦਹਾਕਿਆਂ ਤੋਂ ਪਿੱਛੇ ਰਹਿ ਗਏ ਹਨ। ਉਨ੍ਹਾਂ ਨੇ ਆਪਣੇ ਪੋਸਟ ‘ਚ ਕਿਹਾ,”ਇਹ ਖੁਸ਼ੀ ਦੀ ਗੱਲ ਹੈ ਕਿ ਗਰੀਬਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ‘ਚ ਤਕਨਾਲੋਜੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਅਤੇ ਡਿਜੀਟਲ ਪਲੇਟਫਾਰਮ ਦੇ ਮਾਧਿਅਮ ਨਾਲ ਮਦਦ ਸਿੱਧੇ ਤੌਰ ‘ਤੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਕਿਹਾ,”ਇਸ ਨਾਲ ਖਾਮੀਆਂ ‘ਚ ਕਮੀ ਆਈ ਹੈ, ਕੁਸ਼ਲਤਾ ‘ਚ ਸੁਧਾਰ ਹੋਇਆ ਅਤੇ ਸ਼ਾਸਨ ‘ਚ ਵਿਸ਼ਵਾਸ ਮਜ਼ਬੂਤ ਹੋਇਆ ਹੈ। ਇਸੇ ਤਰ੍ਹਾਂ ‘ਗਰੀਬ ਕਲਿਆਣ’ ਨੂੰ ਅੱਗੇ ਵਧਾਉਣ ਦੀ ਇਹ ਯਾਤਰਾ ਮਨੁੱਖੀ ਸਸ਼ਕਤੀਕਰਨ ਅਤੇ ਵਿਕਸਿਤ ਭਾਰਤ ਦੇ ਸਾਡੇ ਸੁਪਨੇ ਨੂੰ ਸਾਕਾਰ ਵੱਲ ਇਕ ਸਮੂਹਿਕ ਅੰਦੋਲਨ ਬਣ ਗਈ ਹੈ।” ਪੀ.ਐੱਮ. ਮੋਦੀ ਨੇ 9 ਜੂਨ 2024 ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਪਹਿਲੀ ਵਾਰ 26 ਮਈ 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਉਨ੍ਹਾਂ ਦਾ ਦੂਜਾ ਕਾਰਜਕਰਾਲ 30 ਮਈ 2019 ਨੂੰ ਸ਼ੁਰੂ ਹੋਇਆ ਸੀ।