ਸ਼ੰਭੂ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾਈ

ਦੇਰ ਰਾਤ ਸ਼ੰਭੂ ਨੇੜੇ ਇੱਕ ਨੌਜਵਾਨ ਵੱਲੋਂ ਰੇਲਵੇ ਪਟੜੀ ‘ਤੇ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਦੌਰਾਨ ਉਹ ਖੁਦ ਹੀ ਧਮਾਕੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਇਸੇ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਵੀ ਪ੍ਰਸ਼ਾਸਨ ਵੱਲੋਂ ਸਖ਼ਤ ਚੈਕਿੰਗ ਮੁਹਿੰਮ ਚਲਾਈ ਗਈ। GRP ਅਤੇ RPF ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਸਟੇਸ਼ਨ ਦੇ ਹਰ ਹਿੱਸੇ ਦੀ ਬਰੀਕੀ ਨਾਲ ਜਾਂਚ ਕੀਤੀ। ਡੌਗ ਸਕਵਾਡ ਦੀ ਮਦਦ ਨਾਲ ਪਲੇਟਫਾਰਮਾਂ, ਵੇਟਿੰਗ ਏਰੀਆ, ਟਿਕਟ ਘਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਹਰ ਯਾਤਰੀ ਦੇ ਬੈਗਾਂ ਦੀ ਸੁਚੱਜੇ ਢੰਗ ਨਾਲ ਜਾਂਚ ਕੀਤੀ ਗਈ ਅਤੇ ਟਰੇਨਾਂ ਦੇ ਅੰਦਰ ਜਾ ਕੇ ਵੀ ਚੈਕਿੰਗ ਕੀਤੀ ਗਈ। ਜਿਹੜੇ ਵਿਅਕਤੀ ਸ਼ੱਕੀ ਲੱਗੇ, ਉਨ੍ਹਾਂ ਦੀ ਵੱਖਰੇ ਤੌਰ ‘ਤੇ ਤਲਾਸ਼ੀ ਲਈ ਗਈ। ਪੁਲਸ ਵੱਲੋਂ ਸਟੇਸ਼ਨ ‘ਤੇ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ GRP ਅਰਵਿੰਦਰ ਸਿੰਘ ਨੇ ਦੱਸਿਆ ਕਿ GRP ਅਤੇ RPF ਵੱਲੋਂ ਰੁਟੀਨ ਮੁਤਾਬਕ ਰੇਲਵੇ ਸਟੇਸ਼ਨਾਂ ‘ਤੇ ਚੈਕਿੰਗ ਕੀਤੀ ਜਾਂਦੀ ਹੈ, ਪਰ ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖਾਸ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਯਾਤਰੀਆਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪੁਲਸ ਹਰ ਵੇਲੇ ਲੋਕਾਂ ਦੀ ਸੁਰੱਖਿਆ ਲਈ ਮੁਸਤੈਦ ਹੈ।

Leave a Reply

Your email address will not be published. Required fields are marked *