ਮੰਡਰਾ ਰਿਹਾ ਵੱਡਾ ਖ਼ਤਰਾ! ਜੇ ਵੱਧਿਆ 2 ਡਿਗਰੀ ਤਾਪਮਾਨ ਤਾਂ ਖ਼ਤਰੇ ‘ਚ ਪੈ ਜਾਵੇਗੀ 200 ਕਰੋੜ ਲੋਕਾਂ ਦੀ ਜਾਨ

ਗਰਮੀ ਵੱਧਣ ਕਾਰਨ ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ, ਦੁਨੀਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਹ ਖ਼ਤਰਾ ਖ਼ਾਸ ਤੌਰ ‘ਤੇ ਹਿੰਦੂ ਕੁਸ਼ ਹਿਮਾਲਿਆ ਦੇ ਗਲੇਸ਼ੀਅਰਾਂ ‘ਤੇ ਮੰਡਰਾ ਰਿਹਾ ਹੈ, ਜੋ ਲਗਭਗ 2 ਅਰਬ ਲੋਕਾਂ ਲਈ ਪਾਣੀ ਦੀ ਸਪਲਾਈ ਦਾ ਸਰੋਤ ਹਨ। ਇੱਕ ਨਵੇਂ ਵਿਗਿਆਨਕ ਅਧਿਐਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਦੀ ਦੇ ਅੰਤ ਤੱਕ ਦੁਨੀਆ ਦਾ ਤਾਪਮਾਨ 2 ਡਿਗਰੀ ਸੈਲਸੀਅਸ ਵਧਦਾ ਹੈ, ਤਾਂ ਹਿਮਾਲਿਆ ਦੀ 75% ਬਰਫ਼ ਗਾਇਬ ਹੋ ਸਕਦੀ ਹੈ।

ਗਲੋਬਲ ਤਾਪਮਾਨ ਅਤੇ ਗਲੇਸ਼ੀਅਰਾਂ ਵਿਚਕਾਰ ਸਬੰਧ
ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ ਜੇਕਰ ਦੁਨੀਆ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਸਕਦੀ ਹੈ, ਤਾਂ ਹਿਮਾਲਿਆ ਅਤੇ ਕਾਕੇਸ਼ਸ ਖੇਤਰਾਂ ਵਿੱਚ 40-45% ਬਰਫ਼ ਨੂੰ ਬਚਾਇਆ ਜਾ ਸਕਦਾ ਹੈ। ਪਰ ਜੇਕਰ ਤਾਪਮਾਨ 2.7 ਡਿਗਰੀ ਸੈਲਸੀਅਸ ਤੱਕ ਵਧ ਜਾਂਦਾ ਹੈ, ਜਿਵੇਂ ਕਿ ਮੌਜੂਦਾ ਜਲਵਾਯੂ ਨੀਤੀਆਂ ਬਿਆਨ ਕਰ ਰਹੀਆਂ ਹਨ, ਤਾਂ ਦੁਨੀਆ ਭਰ ਵਿੱਚ ਗਲੇਸ਼ੀਅਰ ਬਰਫ਼ ਦਾ ਸਿਰਫ਼ 25% ਹੀ ਬਚ ਸਕੇਗਾ। ਯੂਰਪੀਅਨ ਐਲਪਸ, ਅਮਰੀਕਾ ਅਤੇ ਕੈਨੇਡੀਅਨ ਰੌਕੀਜ਼, ਆਈਸਲੈਂਡ ਅਤੇ ਸਕੈਂਡੇਨੇਵੀਆ ਵਰਗੇ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।

ਖ਼ਾਸ ਕਰਕੇ ਸਕੈਂਡੇਨੇਵੀਆ ਵਿੱਚ ਬਰਫ਼ ਪੂਰੀ ਤਰ੍ਹਾਂ ਗਾਇਬ ਹੋ ਸਕਦੀ ਹੈ। 2015 ਦੇ ਪੈਰਿਸ ਜਲਵਾਯੂ ਸਮਝੌਤੇ ਵਿੱਚ ਨਿਰਧਾਰਤ 1.5 ਡਿਗਰੀ ਸੈਲਸੀਅਸ ਦੇ ਟੀਚੇ ਨੂੰ ਪ੍ਰਾਪਤ ਕਰਨ ਨਾਲ ਗਲੇਸ਼ੀਅਰਾਂ ਨੂੰ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਵਿਗਿਆਨੀਆਂ ਦੇ ਅਨੁਸਾਰ ਇਸ ਨਾਲ ਵਿਸ਼ਵ ਪੱਧਰ ‘ਤੇ ਲਗਭਗ 54% ਗਲੇਸ਼ੀਅਰ ਬਰਫ਼ ਅਤੇ ਕਮਜ਼ੋਰ ਖੇਤਰਾਂ ਵਿੱਚ 20-30% ਤੱਕ ਬਚਾਈ ਜਾ ਸਕਦੀ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ, ਜਦੋਂ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਨਬੇ ਵਿੱਚ ਗਲੇਸ਼ੀਅਰਾਂ ‘ਤੇ ਸੰਯੁਕਤ ਰਾਸ਼ਟਰ ਦੀ ਪਹਿਲੀ ਕਾਨਫਰੰਸ ਹੋ ਰਹੀ ਹੈ। ਇਸ ਵਿੱਚ 50 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

ਇਸ ਸਬੰਧ ਵਿਚ ਏਸ਼ੀਆਈ ਵਿਕਾਸ ਬੈਂਕ ਦੇ ਉਪ ਪ੍ਰਧਾਨ ਯਿੰਗਮਿੰਗ ਯਾਂਗ ਨੇ ਕਿਹਾ ਕਿ ਗਲੇਸ਼ੀਅਰਾਂ ਦਾ ਪਿਘਲਣਾ 2 ਅਰਬ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਅਧਿਐਨ ਦੇ ਅਨੁਸਾਰ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਤਾਪਮਾਨ ਵਿੱਚ ਵਾਧਾ ਹੈ। 10 ਦੇਸ਼ਾਂ ਦੇ 21 ਵਿਗਿਆਨੀਆਂ ਦੀ ਇੱਕ ਟੀਮ ਨੇ 8 ਮਾਡਲਾਂ ਦੀ ਮਦਦ ਨਾਲ 2 ਲੱਖ ਤੋਂ ਵੱਧ ਗਲੇਸ਼ੀਅਰਾਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਤਾਪਮਾਨ ਵਿੱਚ ਤਬਦੀਲੀ ਦਾ ਪ੍ਰਭਾਵ ਸਦੀਆਂ ਤੱਕ ਬਣਿਆ ਰਹੇਗਾ।

Leave a Reply

Your email address will not be published. Required fields are marked *