ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਅਤੇ ਉਨ੍ਹਾਂ ਦਾ ਪਰਿਵਾਰ ਇਸ ਵੇਲੇ ਵੱਡੀ ਮੁਸੀਬਤ ਵਿੱਚ ਘਿਰਿਆ ਹੋਇਆ ਹੈ। ਭਾਰਤੀ ਪੂੰਜੀ ਬਜ਼ਾਰ ਨਿਯੰਤਰਕ ਸੰਗਠਨ (SEBI) ਨੇ ਉਨ੍ਹਾਂ ਤੇ ਪੰਪ ਐਂਡ ਡੰਪ ਸਕੀਮ ‘ਚ ਸ਼ਾਮਿਲ ਹੋਣ ਦੇ ਦੋਸ਼ ‘ਚ 1 ਸਾਲ ਲਈ ਸ਼ੇਅਰ ਬਾਜ਼ਾਰ ਵਿੱਚ ਲੈਣ-ਦੇਣ ‘ਤੇ ਰੋਕ ਲਾ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
SEBI ਦੇ ਅਨੁਸਾਰ, ਅਰਸ਼ਦ ਵਾਰਸੀ, ਉਨ੍ਹਾਂ ਦੀ ਪਤਨੀ ਅਤੇ ਭਰਾ ਨੇ ਸਾਧਨਾ ਬ੍ਰਾਡਕਾਸਟ ਲਿਮਿਟਡ (ਹੁਣ ਕ੍ਰਿਸਟਲ ਬਿਜ਼ਨੈੱਸ ਸਿਸਟਮ ਲਿਮਿਟਡ) ਵਿੱਚ ਸ਼ੇਅਰ ਦੀ ਕੀਮਤ ਵਿੱਚ ਜਾਣਬੁਝ ਕੇ ਹੇਰਾਫੇਰੀ ਕੀਤੀ। ਪਹਿਲਾਂ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਝੂਠੇ ਪ੍ਰਚਾਰ ਰਾਹੀਂ ਵਧਾਈ ਗਈ, ਫਿਰ ਵਧੀ ਕੀਮਤ ‘ਤੇ ਨਿਵੇਸ਼ਕਾਂ ਨੂੰ ਵੇਚ ਦਿੱਤੇ ਗਏ। ਇਹ ਪੂਰੀ ਯੋਜਨਾ “Pump and Dump” ਸਕੀਮ ਦਾ ਹਿੱਸਾ ਸੀ।
YouTube ‘ਤੇ ਝੂਠਾ ਪ੍ਰਚਾਰ
SEBI ਦੀ ਜਾਂਚ ‘ਚ ਖੁਲਾਸਾ ਹੋਇਆ ਕਿ ਸ਼ੇਅਰ ਵਧੀਆ ਦਿਖਾਉਣ ਲਈ ਝੂਠੇ YouTube ਵੀਡੀਓਜ਼ ਅਤੇ ਪੇਡ ਪ੍ਰਮੋਸ਼ਨਲ ਕੰਟੈਂਟ ਦੀ ਵਰਤੋਂ ਕੀਤੀ ਗਈ। ਵੀਡੀਓ ਵਿੱਚ, ਨਿਵੇਸ਼ਕਾਂ ਨੂੰ ਕੰਪਨੀ ਦੇ ਉੱਜਵਲ ਭਵਿੱਖ, ਸੰਭਾਵੀ ਮੁਨਾਫ਼ੇ ਅਤੇ ਤੇਜ਼ੀ ਨਾਲ ਵੱਧ ਰਹੇ ਸ਼ੇਅਰ ਮੁੱਲ ਬਾਰੇ ਗੱਲ ਕਰਕੇ ਆਕਰਸ਼ਿਤ ਕੀਤਾ ਗਿਆ ਸੀ। ਸੇਬੀ ਦੁਆਰਾ ਪਛਾਣੇ ਗਏ ਚੈਨਲਾਂ ਵਿੱਚ ਦ ਐਡਵਾਈਜ਼ਰ, ਮਿਡਕੈਪ ਕਾਲਜ਼, ਪ੍ਰੋਫਿਟ ਯਾਤਰਾ, ਮਨੀਵਾਈਜ਼, ਇੰਡੀਆ ਬੁਲਿਸ਼ ਸ਼ਾਮਲ ਹਨ।
ਜੁਰਮਾਨਾ ਅਤੇ ਵਸੂਲੀ
ਸੇਬੀ ਨੇ ਇਸ ਮਾਮਲੇ ਵਿੱਚ ਸਾਰੇ 59 ਵਿਅਕਤੀਆਂ ‘ਤੇ 5-5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾਂ ਇਨ੍ਹਾਂ ਸਾਰਿਆਂ ਤੋਂ ਕੁੱਲ ₹1.05 ਕਰੋੜ ਦੀ ਗੈਰ-ਕਾਨੂੰਨੀ ਕਮਾਈ ਵਾਪਸ ਲੈਣ ਦਾ ਹੁਕਮ ਵੀ ਦਿੱਤਾ ਗਿਆ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਕੁਝ ਲੋਕਾਂ ਨੇ ਇਸ ਧੋਖਾਧੜੀ ਰਾਹੀਂ ਕਰੋੜਾਂ ਰੁਪਏ ਕਮਾਏ।
ਅਰਸ਼ਦ ਵਾਰਸੀ ਦੀ ਸਫਾਈ
ਪੂਰੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਅਰਸ਼ਦ ਵਾਰਸੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਨੀਸ਼ ਮਿਸ਼ਰਾ ਨੇ ਗੁੰਮਰਾਹ ਕੀਤਾ ਹੈ। ਉਨ੍ਹਾਂ ਨੇ ਖੁਦ ਨੂੰ ਸ਼ੇਅਰ ਮਾਰਕੀਟ ‘ਚ ਨਵਾਂ ਨਿਵੇਸ਼ਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਸਟਾਕ ਟ੍ਰੇਡਿੰਗ ਦੀ ਜ਼ਿਆਦਾ ਜਾਣਕਾਰੀ ਨਹੀਂ ਸੀ। SEBI ਨੂੰ ਮਿਲੇ WhatsApp ਚੈਟਸ ਤੋਂ ਪਤਾ ਲੱਗਾ ਕਿ ਮਨੀਸ਼ ਨੇ ਵਾਰਸੀ ਪਰਿਵਾਰ ਦੇ ਹਰੇਕ ਖਾਤੇ ਵਿੱਚ ₹25 ਲੱਖ ਭੇਜਣ ਦੀ ਪੇਸ਼ਕਸ਼ ਕੀਤੀ ਸੀ।
