ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਕ ਆਫ ਬੜੌਦਾ ਦੇ ਇੱਕ ਮੁਲਾਜ਼ਮ ਨੇ ਆਪਣੀ ਹੀ ਬ੍ਰਾਂਚ ਦੇ ਕਰੰਸੀ ਚੈਸਟ (ਖਜ਼ਾਨੇ) ਵਿੱਚੋਂ 8.70 ਕਰੋੜ ਰੁਪਏ ‘ਤੇ ਹੱਥ ਸਾਫ਼ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਚੋਰੀ ਕੀਤੇ ਪੈਸਿਆਂ ਨਾਲ ਨਾ ਸਿਰਫ਼ ਆਲੀਸ਼ਾਨ ਬੰਗਲਾ ਖਰੀਦਿਆ, ਸਗੋਂ ਕ੍ਰਿਪਟੋਕਰੰਸੀ ਵਿੱਚ ਵੀ ਵੱਡਾ ਨਿਵੇਸ਼ ਕੀਤਾ।
ਇੰਝ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ
ਮੁਲਜ਼ਮ ਬੈਂਕ ਆਫ ਬੜੌਦਾ ਵਿੱਚ ਜੂਨੀਅਰ ਜੁਆਇੰਟ ਕਸਟੋਡੀਅਨ ਵਜੋਂ ਤਾਇਨਾਤ ਸੀ, ਜਿੱਥੇ ਆਰ.ਬੀ.ਆਈ. (RBI) ਦਾ ਕਰੰਸੀ ਚੈਸਟ ਮੌਜੂਦ ਹੈ। ਉਸ ਨੇ 13 ਜਨਵਰੀ ਨੂੰ ਦੋ ਕੰਟਰੈਕਟ ਵਰਕਰਾਂ ਦੀ ਮਦਦ ਨਾਲ ਲੋਹੇ ਦੇ ਪੁਰਾਣੇ ਬਕਸਿਆਂ ਵਿੱਚ 8.70 ਕਰੋੜ ਰੁਪਏ ਭਰ ਕੇ ਬੈਂਕ ਤੋਂ ਬਾਹਰ ਕੱਢ ਲਏ। ਉਸ ਨੇ ਸਹਿਕਰਮੀਆਂ ਨੂੰ ਝੂਠ ਬੋਲਿਆ ਸੀ ਕਿ ਇਨ੍ਹਾਂ ਬਕਸਿਆਂ ਵਿੱਚ ਕੂੜਾ ਹੈ ਜਿਸ ਨੂੰ ਉਹ ਸੁੱਟਣ ਜਾ ਰਿਹਾ ਹੈ।
CCTV ਫੁਟੇਜ ਡਿਲੀਟ ਹੋਣ ਦਾ ਕਰਦਾ ਰਿਹਾ ਇੰਤਜ਼ਾਰ
ਮੁਲਜ਼ਮ ਚੋਰੀ ਕਰਨ ਤੋਂ ਬਾਅਦ ਵੀ ਉਹ 20 ਅਪ੍ਰੈਲ ਤੱਕ ਲਗਾਤਾਰ ਬੈਂਕ ਵਿੱਚ ਕੰਮ ਕਰਦਾ ਰਿਹਾ। ਉਸ ਨੂੰ ਲੱਗਦਾ ਸੀ ਕਿ 90 ਦਿਨਾਂ ਬਾਅਦ CCTV ਫੁਟੇਜ ਆਪਣੇ ਆਪ ਡਿਲੀਟ (ਓਵਰਰਾਈਟ) ਹੋ ਜਾਵੇਗੀ ਅਤੇ ਉਹ ਫੜਿਆ ਨਹੀਂ ਜਾਵੇਗਾ। ਜਦੋਂ 90 ਦਿਨਾਂ ਦੀ ਮਿਆਦ ਬੀਤ ਗਈ, ਤਾਂ ਉਹ ਬਿਮਾਰੀ ਦਾ ਬਹਾਨਾ ਲਗਾ ਕੇ ਛੁੱਟੀ ‘ਤੇ ਚਲਾ ਗਿਆ ਅਤੇ ਫਿਰ ਵਾਪਸ ਨਹੀਂ ਆਇਆ।
ਕਿਵੇਂ ਖੁੱਲ੍ਹਿਆ ਭੇਤ?
RBI ਦੇ ਨਿਰੀਖਣ (Inspection) ਤੋਂ ਪਹਿਲਾਂ ਜਦੋਂ ਕਰੰਸੀ ਚੈਸਟ ਦੇ ਨਵੇਂ ਇੰਚਾਰਜ ਨੇ ਨਕਦੀ ਦੀ ਵੈਰੀਫਿਕੇਸ਼ਨ ਕੀਤੀ, ਤਾਂ ਕਰੋੜਾਂ ਰੁਪਏ ਘੱਟ ਨਿਕਲੇ। ਇਸ ਤੋਂ ਬਾਅਦ 15 ਮਈ ਨੂੰ ਪੁਲਿਸ ਕੋਲ FIR ਦਰਜ ਕਰਵਾਈ ਗਈ। ਜਾਂਚ ਦੌਰਾਨ ਜਦੋਂ CCTV ਫੁਟੇਜ ਚੈੱਕ ਕੀਤੀ ਗਈ ਤਾਂ 13 ਜਨਵਰੀ ਦੀਆਂ ਤਸਵੀਰਾਂ ਵਿੱਚ ਕਡੀਆਰ ਬਕਸੇ ਲੈ ਕੇ ਜਾਂਦਾ ਦਿਖਾਈ ਦਿੱਤਾ।
ਚੋਰੀ ਦੇ ਪੈਸਿਆਂ ਨਾਲ ਜੀ ਰਿਹਾ ਸੀ ਆਲੀਸ਼ਾਨ ਜ਼ਿੰਦਗੀ ਪੁਲਿਸ ਨੇ ਮੁਲਜ਼ਮ ਦੀ ਕਾਰ ਦੀ ਡਿੱਗੀ ਵਿੱਚੋਂ 2.2 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਕਡੀਆਰ ਨੇ ਕਬੂਲਿਆ ਕਿ ਉਸ ਨੇ ਚੋਰੀ ਦੀ ਰਕਮ ਨਾਲ:
ਇੱਕ ਆਲੀਸ਼ਾਨ ਬੰਗਲਾ ਖਰੀਦਿਆ।
ਅਹਿਮਦਾਬਾਦ ਵਿੱਚ ਇੱਕ ਦੁਕਾਨ ਅਤੇ ਇੱਕ ਕਮਰਸ਼ੀਅਲ ਗੱਡੀ ਖਰੀਦੀ।
ਭਾਰੀ ਰਕਮ ਕ੍ਰਿਪਟੋਕਰੰਸੀ ਬਾਜ਼ਾਰ ਵਿੱਚ ਨਿਵੇਸ਼ ਕੀਤੀ।
ਆਪਣੀ ਇੱਕ ਮਹਿਲਾ ਸਹਿਕਰਮੀ ਨੂੰ ਵੀ ਮਕਾਨ ਖਰੀਦਣ ਲਈ ਲੱਖਾਂ ਰੁਪਏ ਦਿੱਤੇ।
ਫਿਲਹਾਲ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ 27 ਮਈ ਤੱਕ ਰਿਮਾਂਡ ‘ਤੇ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।