ਸਾਊਦੀ ਅਰਬ ਨੇ ਸਾਲਾਨਾ ਹੱਜ ਯਾਤਰਾ ਲਈ ਬਿਨਾਂ ਇਜਾਜ਼ਤ ਵਾਲੇ 2,69,000 ਤੋਂ ਜ਼ਿਆਦਾ ਲੋਕਾਂ ਨੂੰ ਮੱਕਾ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਹੱਜ ਵਿੱਚ ਭੀੜ ਲਈ ਅਣਅਧਿਕਾਰਤ ਯਾਤਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ।
ਸਰਕਾਰ ਨੇ ਕਿਹਾ ਹੈ ਕਿ ਪਿਛਲੇ ਸਾਲ ਦੀ ਭਿਆਨਕ ਗਰਮੀ ਵਿੱਚ ਮਰਨ ਵਾਲਿਆਂ ਵਿੱਚੋਂ ਵੱਡੀ ਗਿਣਤੀ ਅਣਅਧਿਕਾਰਤ ਯਾਤਰੀ ਸਨ। ਅਧਿਕਾਰਤ ਤੌਰ ‘ਤੇ ਲਗਭਗ 1.4 ਮਿਲੀਅਨ ਮੁਸਲਮਾਨ ਇਸ ਸਮੇਂ ਮੱਕਾ ਪਹੁੰਚ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ। ਬਿਨਾਂ ਇਜਾਜ਼ਤ ਹੱਜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 5,000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਅਤੇ ਦੇਸ਼ ਨਿਕਾਲਾ ਵਰਗੀਆਂ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੱਕਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ 2,69,678 ਮੁਸਲਮਾਨਾਂ ਨੂੰ ਬਿਨਾਂ ਇਜਾਜ਼ਤ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।
ਨਿਯਮਾਂ ਅਨੁਸਾਰ, ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਹੱਜ ਯਾਤਰਾ ਕਰਨ ਦੀ ਇਜਾਜ਼ਤ ਹੈ ਜਿਨ੍ਹਾਂ ਕੋਲ ਜਾਇਜ਼ ਪਰਮਿਟ ਹਨ, ਭਾਵੇਂ ਉਹ ਇੱਕ ਸਾਲ ਤੋਂ ਸ਼ਹਿਰ ਵਿੱਚ ਰਹਿ ਰਹੇ ਹੋਣ। ਅਧਿਕਾਰੀਆਂ ਨੇ ਹੱਜ ਨਿਯਮਾਂ ਦੀ ਉਲੰਘਣਾ ਕਰਨ ਲਈ 23,000 ਤੋਂ ਵੱਧ ਸਾਊਦੀ ਨਿਵਾਸੀਆਂ ਨੂੰ ਜੁਰਮਾਨਾ ਲਗਾਇਆ ਹੈ ਅਤੇ ਹੱਜ ਯਾਤਰਾ ਨਾਲ ਜੁੜੀਆਂ 400 ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।