ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ’ਤੇ ਆ ਰਹੇ ਹਨ। ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਮੰਤਰੀ 5470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚੇ (ਇਨਫਰਾਸਟਰੱਕਚਰ) ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਦਾ ਉਦੇਸ਼ ਖੇਤਰ ਵਿਚ ਸੰਪਰਕ (ਕੁਨੈਕਟੀਵਿਟੀ) ਨੂੰ ਮਜ਼ਬੂਤ ​​ਕਰਨਾ, ਯਾਤਰੀਆਂ ਦੀ ਸਹੂਲਤ ਵਿਚ ਸੁਧਾਰ ਕਰਨਾ ਅਤੇ ਆਰਥਿਕ ਵਿਕਾਸ ਨੂੰ ਰਫਤਾਰ ਦੇਣਾ ਹੈ।

ਪ੍ਰਧਾਨ ਮੰਤਰੀ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਜਲੰਧਰ ਕੈਂਟ ਸਮੇਤ 75 ਪੁਨਰ-ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। 20 ਸੂਬਿਆਂ ਵਿਚ ਫੈਲੇ 75 ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ, ਜੋ ਵਿਸ਼ਵ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ-ਨਿਰਮਾਣ ਪ੍ਰੋਗਰਾਮਾਂ ਵਿਚੋਂ ਇਕ ਹੈ। ਲਗਭਗ 1570 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀ-ਅਨੁਕੂਲ ਸਹੂਲਤਾਂ ਵਿਚ ਬਦਲਿਆ ਗਿਆ ਹੈ। ‘ਵਿਰਸਾ ਵੀ, ਵਿਕਾਸ ਵੀ’ ਦੀ ਭਾਵਨਾ ਨਾਲ ਪੁਨਰ-ਵਿਕਸਿਤ ਕੀਤੇ ਗਏ ਇਨ੍ਹਾਂ ਸਟੇਸ਼ਨਾਂ ਵਿਚ ਸਥਾਨਕ ਸੱਭਿਆਚਾਰ, ਵਿਰਸੇ ਅਤੇ ਆਰਕੀਟੈਕਚਰ (ਵਾਸਤੂਕਲਾ) ਨੂੰ ਦਰਸਾਉਣ ਵਾਲੇ ਤੱਤ ਸ਼ਾਮਲ ਕੀਤੇ ਗਏ ਹਨ।

ਇਸ ਤੋਂ ਇਲਾਵਾ ਉਹ ਵਾਰਾਣਸੀ ਜਾਣ ਵਾਲੀ ਨਵੀਂ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਨੂੰ ਲੈ ਕੇ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਇਕ ਵਾਟਰਪ੍ਰੂਫ਼ ਪੰਡਾਲ ਤਿਆਰ ਕੀਤਾ ਗਿਆ ਹੈ, ਜਿੱਥੋਂ ਪ੍ਰਧਾਨ ਮੰਤਰੀ ਲੋਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਆਮਦ ਨੂੰ ਲੈ ਕੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਐੱਨ. ਐੱਸ. ਜੀ. ਨੇ ਵੀ ਸੁਰੱਖਿਆ ਦੀ ਕਮਾਨ ਆਪਣੇ ਹੱਥਾਂ ਵਿਚ ਲਈ ਹੋਈ ਹੈ। ਚੱਪੇ-ਚੱਪੇ ’ਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰਾਮਾ ਮੰਡੀ ਦੇ ਆਲੇ-ਦੁਆਲੇ ਉੱਚੀਆਂ ਇਮਾਰਤਾਂ ’ਤੇ ਵੀ ਪੁਲਸ ਤਾਇਨਾਤ ਕੀਤੀ ਗਈ ਹੈ।

ਸੁਰੱਖਿਆ ਦੇ ਮੱਦੇਨਜ਼ਰ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ, ਜਿਸ ਕਾਰਨ ਸਾਰਾ ਦਿਨ ਸ਼ਹਿਰ ਵਿਚ ਜਾਮ ਦੀ ਸਥਿਤੀ ਬਣੀ ਰਹੀ। ਕੈਂਟ ਸਟੇਸ਼ਨ ਦੇ ਸਾਹਮਣੇ ਪੁਲ ਦੇ ਉੱਪਰ ਸੜਕ ’ਤੇ ਪ੍ਰੀਮਿਕਸ ਵਿਛਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਸਾਫ਼-ਸਫ਼ਾਈ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਹਰ ਪਾਸੇ ਭਾਜਪਾ ਦੇ ਝੰਡਿਆਂ ਅਤੇ ਹੋਰਡਿੰਗਾਂ ਨਾਲ ਪੂਰੇ ਇਲਾਕੇ ਨੂੰ ਰੰਗ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੁਪਹਿਰ ਲਗਭਗ 3.30 ਵਜੇ ਜਲੰਧਰ ਪਹੁੰਚਣਗੇ।

Leave a Reply

Your email address will not be published. Required fields are marked *