ਪੰਜਾਬੀ SINGER ਦੀ ਪੋਸਟਮਾਰਟਮ ਰਿਪੋਰਟ ‘ਚ ਹੋਏ ਸਨਸਨੀਖੇਜ਼ ਖ਼ੁਲਾਸੇ

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕਾਂਡ ਵਿਚ ਵੱਡਾ ਖੁਲਾਸੇ ਹੋਏ ਹਨ। ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਕੀਤੇ ਗਏ ਪੋਸਟਮਾਰਟਮ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਗਾਇਕਾ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਗਿਆ ਸੀ। ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਇੰਦਰ ਕੌਰ ਨੂੰ ਬਹੁਤ ਨੇੜਿਓਂ ਦੋ ਗੋਲੀਆਂ ਮਾਰੀਆਂ ਗਈਆਂ ਸਨ। ਇਨ੍ਹਾਂ ਵਿਚੋਂ ਇਕ ਗੋਲੀ ਉਨ੍ਹਾਂ ਦੀ ਛਾਤੀ ਦੇ ਸੱਜੇ ਪਾਸੇ ਲੱਗੀ ਜੋ ਸਰੀਰ ਦੇ ਆਰ-ਪਾਰ ਨਿਕਲ ਗਈ, ਜਦਕਿ ਦੂਜੀ ਗੋਲੀ ਉਨ੍ਹਾਂ ਦੇ ਮੱਥੇ ਵਿਚ ਹੀ ਫਸੀ ਹੋਈ ਮਿਲੀ। ਇਸ ਖੁਲਾਸੇ ਤੋਂ ਬਾਅਦ ਪੁਲਸ ਨੇ ਕਾਤਲਾਂ ਨੂੰ ਫੜਨ ਲਈ ਆਪਣੀ ਜਾਂਚ ਦਾ ਦਾਇਰਾ ਹੋਰ ਤੇਜ਼ ਕਰ ਦਿੱਤਾ ਹੈ।

ਸਿੰਗਰ ਇੰਦਰ ਕੌਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਦੇ ਇਕ ਵਿਸ਼ੇਸ਼ ਬੋਰਡ (ਮੈਡੀਕਲ ਪੈਨਲ) ਵੱਲੋਂ ਕੀਤਾ ਗਿਆ। ਇਸ ਬੋਰਡ ਵਿੱਚ ਫੋਰੈਂਸਿਕ ਮਾਹਰ ਡਾ. ਕਰਨ, ਡਾਕਟਰ ਵਿਸ਼ਾਲ ਚੋਪੜਾ ਅਤੇ ਡਾਕਟਰ ਮਨਦੀਪ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਗਿਆ ਸੀ। ਡਾਕਟਰਾਂ ਦੀ ਇਸ ਟੀਮ ਨੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੌਂਪੀ, ਜਿਸ ਨੇ ਇਸ ਪੂਰੀ ਵਾਰਦਾਤ ਦੀ ਗੰਭੀਰਤਾ ਅਤੇ ਬੇਰਹਿਮੀ ਨੂੰ ਉਜਾਗਰ ਕਰ ਦਿੱਤਾ ਹੈ।

ਦੂਜੇ ਪਾਸੇ, ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਿੰਗਰ ਇੰਦਰ ਕੌਰ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ ਲੁਧਿਆਣਾ ਵਿਚ ਹੀ ਗਮਗੀਨ ਮਾਹੌਲ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਵਿਦਾਈ ਦੌਰਾਨ ਸ਼ਮਸ਼ਾਨਘਾਟ ਵਿਚ ਮੌਜੂਦ ਹਰ ਸ਼ਖਸ ਦੀ ਅੱਖ ਨਮ ਸੀ। ਇੰਦਰ ਕੌਰ ਦੇ ਅਚਾਨਕ ਹੋਏ ਇਸ ਕਤਲ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਅੰਤਿਮ ਸੰਸਕਾਰ ਵੇਲੇ ਉਨ੍ਹਾਂ ਦੀ ਨਾਨੀ ਆਪਣੀ ਸੁਧ-ਬੁਧ ਖੋ ਬੈਠੀ ਅਤੇ ਰੋ-ਰੋ ਕੇ ਬੇਹੋਸ਼ ਹੋ ਗਈ, ਜਦਕਿ ਪਰਿਵਾਰ ਦੇ ਹੋਰ ਮੈਂਬਰਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਫਿਲਹਾਲ ਪੁਲਸ ਇਸ ਹਾਈ-ਪ੍ਰੋਫਾਈਲ ਮਰਡਰ ਕੇਸ ਦੀ ਗੁੱਥੀ ਸੁਲਝਾਉਣ ਲਈ ਹਰ ਸ਼ੱਕੀ ਪਹਿਲੂ ‘ਤੇ ਕੰਮ ਕਰ ਰਹੀ ਹੈ।

Leave a Reply

Your email address will not be published. Required fields are marked *