ਭਾਰਤ ਸਰਕਾਰ ਨੇ ਦੇਸ਼ ਦੇ ਆਟੋ ਸੈਕਟਰ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਉਣ ਵੱਲ ਅਹਿਮ ਕਦਮ ਵਧਾਇਆ ਹੈ। ਕੇਂਦਰ ਸਰਕਾਰ ਨੇ ਸੈਂਟਰਲ ਮੋਟਰ ਵਹੀਕਲ ਰੂਲਜ਼, 1989 ਵਿੱਚ ਸੋਧ ਕਰਨ ਲਈ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦਾ ਮੁੱਖ ਮਕਸਦ ਈਂਧਨ ਦੀਆਂ ਨਵੀਆਂ ਸ਼੍ਰੇਣੀਆਂ ਨੂੰ ਨਿਰਧਾਰਤ ਕਰਨਾ ਹੈ ਤਾਂ ਜੋ ਐਥੇਨੌਲ ਅਤੇ ਬਾਇਓਫਿਊਲ ਦੀ ਵਰਤੋਂ ਦੇ ਵੱਡੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ। ਈਂਧਨ ਦੀਆਂ ਸ਼੍ਰੇਣੀਆਂ ਵਿੱਚ ਹੋਏ ਵੱਡੇ ਬਦਲਾਅ ਤਹਿਤ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਇਸ ਡਰਾਫਟ ਵਿੱਚ ਕਈ ਤਕਨੀਕੀ ਬਦਲਾਅ ਕੀਤੇ ਗਏ ਹਨ:
100% ਐਥੇਨੌਲ: ਨਿਯਮਾਂ ਵਿੱਚ ਹੁਣ E85 ਅਤੇ E100 (100% ਐਥੇਨੌਲ) ਨੂੰ ਅਧਿਕਾਰਤ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ।
ਬਾਇਓਡੀਜ਼ਲ: ਬਾਇਓਡੀਜ਼ਲ ਦੀ ਸ਼੍ਰੇਣੀ ਨੂੰ ਵੀ B10 ਤੋਂ ਅਪਗ੍ਰੇਡ ਕਰਕੇ B100 ਕਰ ਦਿੱਤਾ ਗਿਆ ਹੈ।
ਹਾਈਡ੍ਰੋਜਨ ਈਂਧਨ: ਹਾਈਡ੍ਰੋਜਨ ਈਂਧਨ ਦੀ ਸ਼੍ਰੇਣੀ ਦਾ ਨਾਂ ‘Hydrogen + CN’ ਤੋਂ ਬਦਲ ਕੇ ‘Hydrogen + CNG’ ਕਰ ਦਿੱਤਾ ਗਿਆ ਹੈ।
ਪੈਟਰੋਲ ਮਾਪਦੰਡ: ਪੈਟਰੋਲ ਦੇ ਮਾਪਦੰਡਾਂ ਨੂੰ E10 ਤੋਂ ਅਪਡੇਟ ਕਰਕੇ E10/E20 ਕਰ ਦਿੱਤਾ ਗਿਆ ਹੈ।
ਤੇਲ ਦੇ ਆਯਾਤ ‘ਤੇ ਘਟੇਗੀ ਨਿਰਭਰਤਾ
ਸਰਕਾਰ ਦਾ ਇਹ ਕਦਮ ਦੇਸ਼ ਦੀ ਦੂਜੇ ਦੇਸ਼ਾਂ ‘ਤੇ ਤੇਲ ਦੀ ਨਿਰਭਰਤਾ ਨੂੰ ਘੱਟ ਕਰਨ ਦੀ ਇੱਕ ਅਹਿਮ ਰਣਨੀਤੀ ਹੈ। ਰਿਪੋਰਟਾਂ ਅਨੁਸਾਰ, ਸਰਕਾਰ E85 ਤੋਂ E100 ਤੱਕ ਦੇ ਉੱਚ ਐਥੇਨੌਲ ਵਾਲੇ ਈਂਧਨ ਦੀ ਟੈਸਟਿੰਗ ਦੀ ਇਜਾਜ਼ਤ ਦੇ ਸਕਦੀ ਹੈ। ਇਸ ਦੇ ਲਈ ਆਟੋ ਕੰਪਨੀਆਂ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਜੋ ਫਲੈਕਸ-ਫਿਊਲ ਗੱਡੀਆਂ ਅਤੇ ਲੋੜੀਂਦੇ ਬੁਨਿਆਦੀ ਢਾਂਚੇ (Infrastructure) ਦਾ ਮੁਲਾਂਕਣ ਕੀਤਾ ਜਾ ਸਕੇ।
ਵਿਦੇਸ਼ਾਂ ਦੀ ਤਰਜ਼ ‘ਤੇ ਭਾਰਤ ਦੀ ਤਿਆਰੀ
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਵਰਗੇ ਦੇਸ਼ ਪਹਿਲਾਂ ਹੀ ਫਲੈਕਸ-ਫਿਊਲ ਈਕੋਸਿਸਟਮ ਵਿੱਚ E100 ਦੀ ਵਰਤੋਂ ਕਰ ਰਹੇ ਹਨ, ਜਦਕਿ ਅਮਰੀਕਾ ਵਿੱਚ E85 ਉਪਲਬਧ ਹੈ। ਭਾਰਤ ਵੀ ਹੁਣ ਇਸੇ ਦਿਸ਼ਾ ਵੱਲ ਕਦਮ ਵਧਾ ਰਿਹਾ ਹੈ, ਹਾਲਾਂਕਿ ਵਰਤਮਾਨ ਵਿੱਚ ਪੂਰੇ ਦੇਸ਼ ਵਿੱਚ E20 ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਜਨਤਾ ਦੇ ਸੁਝਾਵਾਂ ਲਈ ਖੁੱਲ੍ਹਾ ਰਹੇਗਾ ਡਰਾਫਟ
ਸਰਕਾਰ ਵੱਲੋਂ ਜਾਰੀ ਇਹ ਡਰਾਫਟ 30 ਦਿਨਾਂ ਤੱਕ ਜਨਤਕ ਸਲਾਹ-ਮਸ਼ਵਰੇ ਲਈ ਖੁੱਲ੍ਹਾ ਰਹੇਗਾ, ਜਿਸ ਤੋਂ ਬਾਅਦ ਪ੍ਰਤੀਕਿਰਿਆਵਾਂ ਦੀ ਸਮੀਖਿਆ ਕਰਕੇ ਸੋਧਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਸਰਕਾਰ ਨੇ ਕੁਝ ਸ਼੍ਰੇਣੀਆਂ ਦੀਆਂ ਗੱਡੀਆਂ ਦਾ ਵੱਧ ਤੋਂ ਵੱਧ ਭਾਰ 3000 ਕਿਲੋਗ੍ਰਾਮ ਤੋਂ ਵਧਾ ਕੇ 3500 ਕਿਲੋਗ੍ਰਾਮ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ।