ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ ‘ਸਰਦਾਰ ਜੀ 3’, ਪਾਕਿਸਤਾਨ ਹੈ ਵਜ੍ਹਾ, ਹੈਰਾਨ ਕਰੇਗੀ ਪੂਰੀ ਖ਼ਬਰ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨ੍ਹੀਂ ਆਪਣੀ ਨਵੀਂ ਆ ਰਹੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਚਰਚਾ ‘ਚ ਹਨ। ਅਦਾਕਾਰ ਨੇ ਐਤਵਾਰ ਦੇਰ ਰਾਤ ਫਿਲਮ ‘ਸਰਦਾਰ ਜੀ 3’ ਦਾ ਟ੍ਰੇਲਰ ਰਿਲੀਜ਼ ਕੀਤਾ। 27 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ‘ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਦਿਖਾਈ ਦਿੱਤੀ। ਭਾਰਤ ‘ਚ ਪਾਕਿਸਤਾਨੀ ਸਿਤਾਰਿਆਂ ‘ਤੇ ਲੱਗੇ ਬੈਨ ਦੇ ਬਾਵਜੂਦ ਹਾਨੀਆ ਦਾ ਪੰਜਾਬੀ ਫਿਲਮ ‘ਚ ਦਿਖਣਾ ਕਈਆਂ ਤੋਂ ਬਰਦਾਸ਼ਤ ਨਹੀਂ ਹੋਇਆ। ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿ ‘ਚ ਤਣਾਅ ਕਾਫੀ ਵਧ ਗਿਆ ਸੀ ਅਤੇ ਸਾਰੇ ਪਾਕਿ ਕਲਾਕਾਰਾਂ ਨੂੰ ਭਾਰਤ ‘ਚ ਬੈਨ ਕਰ ਦਿੱਤਾ ਸੀ। ਇਸ ਲਈ ‘ਸਰਦਾਰ ਜੀ 3’ ‘ਚ ਹਾਨੀਆ ਦੇ ਦਿਖਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਪਰ ਵਿਵਾਦ ਵਧਣ ਤੋਂ ਪਹਿਲਾਂ ਮੇਕਅਰਸ ਨੇ ਸਾਫ ਕੀਤਾ ਹੈ ਕਿ ਇਸ ਫਿਲਮ ਨੂੰ ਭਾਰਤ ‘ਚ ਰਿਲੀਜ਼ ਨਹੀਂ ਕੀਤਾ ਜਾਵੇਗਾ। 

ਦਿਲਜੀਤ ਦੀ ਫਿਲਮ ‘ਚ ਹਾਨੀਆ 
ਐਤਵਾਰ ਰਾਤ ਅਦਾਕਾਰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ‘ਚ ਉਹ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਗੱਲ ਸਿਰਫ ਹਾਨੀਆ ਤੱਕ ਸੀਮਿਤ ਨਹੀਂ ਹੈ ਸਗੋਂ ਇਸ ‘ਚ ਨਾਸਿਰ ਚਿਨਯੋਤੀ, ਡੈਨੀਅਲ ਖਾਵਰ ਅਤੇ ਸਲੀਮ ਅਲਬੇਲਾ ਵਰਗੇ ਕਲਾਕਾਰ ਵੀ ਸ਼ਾਮਲ ਹਨ। ਉਧਰ ਇਕ ਦਿਲਚਸਪ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਨੂੰ ਯੂਟਿਊਬ ‘ਤੇ ਰਿਲੀਜ਼ ਨਹੀਂ ਕੀਤਾ ਗਿਆ ਸਗੋਂ ਦਿਲਜੀਤ ਨੇ ਆਪਣੇ ਇੰਸਟਾ ਅਕਾਊਂਟ ‘ਤੇ ਹੀ ਸ਼ੇਅਰ ਕੀਤਾ ਹੈ।
ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ ਫਿਲਮ 
ਫਿਲਮ ‘ਸਰਦਾਰ ਜੀ 3’ ਦੇ ਕੋਅ-ਪ੍ਰੋਡਿਊਸਰ ਗਨਬੀਰ ਸਿੰਘ ਸਿੱਧੂ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਡੀ ਫਿਲਮ ਭਾਰਤ-ਪਾਕਿਸਤਾਨ ਤਣਾਅ ਤੋਂ ਪਹਿਲਾਂ ਸ਼ੂਟ ਕਰ ਲਈ ਗਈ ਸੀ, ਪਰ ਵਰਤਮਾਨ ਸਥਿਤੀ ਅਤੇ ਭਾਰਤ ਤੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤ ‘ਚ ਫਿਲਮ ਨੂੰ ਰਿਲੀਜ਼ ਨਹੀਂ ਕਰ ਰਹੇ ਹਾਂ। ਗਨਬੀਰ ਨੇ ਅੱਗੇ ਕਿਹਾ ਕਿ ਉਹ ਭਾਰਤ ‘ਚ ਫਿਲਮ ਨੂੰ ਰਿਲੀਜ਼ ਕਰਨ ਲਈ ਸਹੀ ਸਮੇਂ ਦੀ ਉਡੀਕ ਕਰਨਗੇ।

ਉਧਰ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਇਜ਼ (FWICE) ਦੇ ਪ੍ਰਧਾਨ ਬੀਐੱਨ ਤਿਵਾੜੀ ਨੇ ਗੱਲਬਾਤ ‘ਚ ਕਿਹਾ ਕਿ ਦਿਲਜੀਤ ਦੋਸਾਂਝ ਅਤੇ ਸਰਦਾਰ ਜੀ 3 ਦੇ ਮੇਕਅਰਸ ਨੂੰ ਭਾਰਤ ‘ਚ ਬੈਨ ਕਰਨ ਲਈ ਆਫੀਸ਼ੀਅਲ ਨਿਰਦੇਸ਼ ਭੇਜਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਫਿਲਮ ਅਤੇ ਪ੍ਰੋਜੈਕਟ ਨੂੰ ਭਾਰਤ ‘ਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਭਾਰਤ ਫਿਲਮ ਇੰਡਸਟਰੀ ਤੋਂ ਸਾਨੂੰ ਪੂਰਾ ਸਹਿਯੋਗ ਮਿਲੇਗਾ। ਬੀਐੱਨ ਤਿਵਾੜੀ ਨੇ ਕਿਹਾ ਕਿ ਜਲਦ ਹੀ ਇਕ ਅਧਿਕਾਰਿਕ ਬਿਆਨ ਜਾਰੀ ਕੀਤਾ ਜਾਵੇਗਾ। 
ਹੁਣ ਕਿੱਥੇ ਰਿਲੀਜ਼ ਹੋਵੇਗੀ ਇਹ ਫਿਲਮ ? 
ਇਹ ਗੱਲ ਹੁਣ ਸਾਫ ਹੋ ਗਈ ਹੈ ਕਿ ਇਹ ਫਿਲਮ ਦੇ ਮੇਕਅਰਸ ਇਸ ਨੂੰ ਭਾਰਤ ‘ਚ ਰਿਲੀਜ਼ ਨਹੀਂ ਕਰਨਗੇ। ਭਾਵ ਸਰਦਾਰ ਜੀ 3 ਹੁਣ 27 ਜੂਨ ਨੂੰ ਓਵਰਸੀਜ਼ ‘ਚ ਹੀ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ‘ਚ ਰੋਮਾਂਸ, ਐਕਸ਼ਨ ਅਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਹੈ। ਫਿਲਮ ‘ਚ ਦਿਲਜੀਤ ਨੀਰੂ ਬਾਜਵਾ ਦੇ ਨਾਲ ਤਾਂ ਰੋਮਾਂਸ ਕਰਨਗੇ ਹੀ, ਪਰ ਨਾਲ ਹੀ ਉਹ ਹਾਨੀਆ ਨਾਲ ਵੀ ਦਿਖਾਈ ਦੇਣਗੇ। 

Leave a Reply

Your email address will not be published. Required fields are marked *