ਲੌਂਗੋਵਾਲ ਦੇ ਕਿਸਾਨਾਂ ਵੱਲੋਂ ਨੈਨੋ ਯੂਰੀਆ ਅਤੇ ਡੀਏਪੀ ਲੈਣ ਤੋਂ ਇਨਕਾਰ

ਲੌਂਗੋਵਾਲ, 21 ਸਤੰਬਰ (ਜਗਸੀਰ ਸਿੰਘ ) – ਅੱਜ ਕਸਬੇ ਦੇ ਕਿਸਾਨਾਂ ਦਾ ਭਾਰੀ ਇਕੱਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਵਿਖੇ ਹੋਇਆ ਜਿਸ ਵਿੱਚ ਕੋਆਪਰੇਟਿਵ ਸੋਸਾਇਟੀਆਂ ਰਾਹੀਂ ਕਿਸਾਨਾਂ ਨੂੰ ਡੀਏਪੀ ਅਤੇ ਯੂਰੀਆ ਲੈਣ ਸਮੇਂ ਉਸ ਦੇ ਨਾਲ ਨੈਨੋ ਯੂਰੀਆ ਤੇ ਡੀਏਪੀ ਤਰਲ 16% ਦੀ ਪੈਕਿੰਗ ਧੱਕੇ ਨਾਲ ਦੇ ਕੇ ਕਿਸਾਨਾਂ ਦੀ ਲੁੱਟ ਕਰਨ ਤੇ ਚਰਚਾ ਹੋਈ ਜਿਸ ਤੇ ਸਾਰੇ ਹਾਜ਼ਰ ਕਿਸਾਨਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇਸ ਲੁੱਟ ਨੂੰ ਬੰਦ ਕੀਤਾ ਜਾਵੇ ਤੇ ਕੋਈ ਵੀ ਕਿਸਾਨ ਨੈਨੋ ਯੂਰੀਆ ਤੇ ਡੀਏਪੀ ਤਰਲ ਦੀ ਪੈਕਿੰਗ ਨਹੀਂ ਲਵੇਗਾ ਅਤੇ ਜੇਕਰ ਕੋਈ ਸੁਸਾਇਟੀ ਜਾਂ ਕੋਈ ਕੰਪਨੀ ਜਾਂ ਕੋਈ ਦੁਕਾਨਦਾਰ ਧੱਕੇ ਨਾਲ ਇਹ ਸਮਾਨ ਕਿਸਾਨਾਂ ਸਿਰ ਮੜੇਗਾ ਤਾਂ ਉਸ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ,ਬੀਕੇਯੂ ਡਕੌਂਦਾ ਦੇ ਬਲਾਕ ਆਗੂ ਦਰਬਾਰਾ ਸਿੰਘ,ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬੂਟਾ ਸਿੰਘ, ਬੀਕੇਯੂ ਏਕਤਾ ਆਜ਼ਾਦ ਦੇ ਆਗੂ ਅਮਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਜਦੋਂ ਵੀ ਕਿਸਾਨ ਸੁਸਾਇਟੀ ਤੋਂ ਜਾਂ ਦੁਕਾਨਾਂ ਤੋਂ ਡੀਏਪੀ ਅਤੇ ਯੂਰੀਆ ਲੈਂਦੇ ਹਨ ਤਾਂ ਉਹਨਾਂ ਨੂੰ ਇਸ ਦੀ ਘਾਟ ਦਾ ਡਰਾਵਾ ਦੇ ਕੇ ਇਹਨਾਂ ਦੇ ਨਾਲ ਨੈਨੋ ਡੀਏਪੀ ਅਤੇ ਯੂਰੀਏ ਦੀ ਤਰਲ 16% ਦੀ ਪੈਕਿੰਗ ਧੱਕੇ ਨਾਲ ਦਿੱਤੀ ਜਾਂਦੀ ਹੈ ਤੇ ਹੋਰ ਵੀ ਕਈ ਪ੍ਰਕਾਰ ਦਾ ਸਮਾਨ ਦਿੱਤਾ ਜਾਂਦਾ ਹੈ ।ਜਿਸ ਨਾਲ ਪਹਿਲਾਂ ਤੋਂ ਹੀ ਕਰਜੇ ਵਿੱਚ ਖੁੱਭੇ ਕਿਸਾਨਾਂ ਦਾ ਆਰਥਿਕ ਨੁਕਸਾਨ ਅਤੇ ਲੁੱਟ ਹੁੰਦੀ ਹੈ। ਇਸ ਦੇ ਖਿਲਾਫ ਕਾਫੀ ਸਮੇਂ ਤੋਂ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ।ਅੱਜ ਇੱਥੇ ਇਕੱਤਰਤਾ ਵਿੱਚ ਸਾਰੇ ਕਿਸਾਨਾਂ ਨੇ ਆਪਣਾ ਰੋਸ ਜਾਹਿਰ ਕੀਤਾ ਅਤੇ ਕਿਸਾਨਾਂ ਨੇ ਸਰਬਸੰਮਤੀ ਨਾਲ ਕੋਆਪਰੇਟਿਵ ਸੋਸਾਇਟੀ ਦੇ ਮੈਂਬਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਇੱਕ ਮਤਾ ਪਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇ ਤਾਂ ਜੋ ਸੁਸਾਇਟੀ ਨੂੰ ਆਉਂਦੇ ਡੀਏਪੀ ਅਤੇ ਯੂਰੀਏ ਦੇ ਨਾਲ ਨੈਨੋ ਪੈਕਿੰਗ ਨਾ ਭੇਜੀ ਜਾਵੇ।ਜੇਕਰ ਫਿਰ ਵੀ ਕੋਈ ਅਧਿਕਾਰੀ ਜਾਂ ਕੰਪਨੀ ਅਜਿਹਾ ਕਰੇਗੀ ਤਾਂ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਖਿਲਾਫ ਸੰਘਰਸ਼ ਵਿੱਢਣਗੀਆਂ ਸਰਬ ਸੰਮਤੀ ਨਾਲ ਅੱਜ ਦੇ ਇਕੱਠ ਨੇ ਇਹ ਮਤਾ ਪਾਇਆ। ਇਸ ਤੋਂ ਬਿਨਾਂ ਇਕੱਠ ਵਿੱਚ ਭੋਲਾ ਸਿੰਘ ਗੰਗੇਕਾ,ਪਰਗਟ ਸਿੰਘ,ਮਹਿੰਦਰ ਸਿੰਘ,ਰਾਣਾ ਸਿੰਘ, ਗੋਲਡੀ ਸਿੰਘ, ਗੁਰਦੀਪ ਸਿੰਘ ਸੁਸਾਇਟੀ ਮੈਂਬਰ, ਲਾਡਬਿੰਦਰ ਸਿੰਘ,ਭੋਲਾ ਸਿੰਘ ਪਨਾਂਚ ,ਦਰਸ਼ਨ ਸਿੰਘ ਜਿਉਣੇਕਾ,ਦਰਸ਼ਨ ਸਿੰਘ ਵਪਾਰੀ, ਭੀਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।।

Leave a Reply

Your email address will not be published. Required fields are marked *