ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਟਕ ‘ਟਿਕਟਾਂ ਦੋ ਲੈ ਲਈਂ’ ਦਾ ਸਫ਼ਲ ਮੰਚਨ

ਪਰਵਾਸ, ਪੀੜ੍ਹੀਆਂ ਦੇ ਫਾਸਲਿਆਂ ਤੇ ਨਸ਼ਿਆਂ ਕਾਰਨ ਉਪਜਦੇ ਸੰਕਟ ਦੀ ਖ਼ੂਬਸੂਰਤ ਪੇਸ਼ਕਾਰੀ

ਲੁਧਿਆਣਾ, 11 ਫਰਵਰੀ (ਲੋਕ ਮਸਲੇ ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਸਥਾਨਕ ਗੁਰੂ ਨਾਨਕ ਇੰਜੀਨੀਅਰਿੰਗ (ਜੀ.ਐਨ.ਈ.) ਕਾਲਜ ਦੇ ਆਡੀਟੋਰੀਅਮ ਵਿਖੇ ਨਾਟਕ ‘ਟਿਕਟਾਂ ਦੋ ਲੈ ਲਈਂ’ ਦਾ ਸਫ਼ਲ ਮੰਚਨ ਕੀਤਾ ਗਿਆ।

ਡਾ. ਹਰਭਜਨ ਸਿੰਘ ਢਿੱਲੋਂ ਦਾ ਲਿਖਿਆ ਤੇ ਨਰਿੰਦਰ ਸਾਂਘੀ ਦੁਆਰਾ ਨਿਰਦੇਸ਼ਤ ਇਹ ਨਾਟਕ ਪ੍ਰਵਾਸ, ਨਸ਼ਿਆਂ ਪੀੜ੍ਹੀਆਂ ਦੇ ਫਾਸਲਿਆਂ ਕਾਰਨ ਪਰਿਵਾਰਾਂ ’ਚ ਉਪਜਦੇ ਸੰਕਟ ਦੀ ਤਸਵੀਰ ਖਿੱਚਣ ’ਚ ਸਫ਼ਲ ਰਿਹਾ।

ਇਸ ਮੌਕੇ ਮੇਜ਼ਬਾਨ ਕਾਲਜ ਦੇ ਡਾਇਰੈਕਟਰ ਡਾ. ਇਕਬਾਲ ਸਿੰਘ, ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਸੰਯੁਕਤ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਰਣਜੀਤ ਸਿੰਘ ਖੈੜਾ ਆਸਟਰੇਲੀਆ, ਅਦਾਕਾਰ ਰਾਜਵੀਰ ਬੋਪਾਰਾਏ, ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਖੋਜ ਸਹਾਇਕ ਹਰਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਪੱਧਰ ਦਾ ਅਨੁਮਾਨ ਉਸ ਦੇ ਨਾਟਕ ਤੋਂ ਲਗਾਇਆ ਜਾ ਸਕਦਾ ਹੈ। ਇਹ ਨਾਟਕ ਪੰਜਾਬੀ ਭਾਸ਼ਾ ਅਤੇ ਰੰਗਮੰਚ ਨੂੰ ਨਵਾਂ ਮਿਆਰ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਸ ਨਾਟਕ ਦਾ ਨਿਚੋੜ ਇਹ ਹੈ ਕਿ ਜੇਕਰ ਅਸੀਂ ਆਪਣੇ ਦੇਸ਼ ਅਤੇ ਪਰਿਵਾਰ ਨੂੰ ਨਹੀਂ ਸੰਭਾਲਾਂਗੇ ਤਾਂ ਸਾਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ। ਸੋ ਅਜਿਹੇ ਨਾਟਕ ਅਜੋਕੇ ਦੌਰ ਦੀ ਲੋੜ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਵੱਲੋਂ ਇਸ ਨਾਟਕ ਨੂੰ ਦਿੱਤੇ ਹੰਗਾਰੇ ਨੂੰ ਸ਼ੁਭ ਸੰਕੇਤ ਕਰਾਰ ਦਿੱਤਾ।

‘ਟਿਕਟਾਂ ਦੋ ਲੈ ਲਈਂ’ ਨਾਟਕ ਦਾ ਮੁੱਖ ਵਿਸ਼ਾ ਦੇਸ਼-ਵਿਦੇਸ਼ ’ਚ ਪੀੜ੍ਹੀਆਂ ਵਿਚਕਾਰ ਵਧ ਰਹੇ ਪਾੜੇ ਅਤੇ ਮਾਪਿਆਂ ਦੀ ਹੋ ਰਹੀ ਬੇਕਦਰੀ ’ਤੇ ਅਧਾਰਤ ਸੀ ਅਤੇ ਵੱਖ-ਵੱਖ ਅਦਾਕਾਰਾਂ ਵੱਲੋਂ ਆਪੋ-ਆਪਣੇ ਕਿਰਦਾਰਾਂ ਰਾਹੀਂ ਜਾਇਦਾਦ ਦਾ ਲਾਲਚ, ਔਲਾਦ ਦਾ ਮੋਹ ਅਤੇ ਸਮੇਂ ਦੇ ਬਦਲਣ ਨਾਲ-ਨਾਲ ਧੀਆਂ-ਪੁੱਤਾਂ ਵੱਲੋਂ ਅਜ਼ਾਦਾਨਾ ਜੀਵਨ ਬਤੀਤ ਕਰਨ ਦੇ ਰੁਝਾਨ ਕਾਰਨ ਪਰਿਵਾਰਾਂ ’ਚ ਵਧ ਰਹੇ ਤਣਾਅ ਦਾ ਬਾਖ਼ੂਬੀ ਚਿੱਤਰਣ ਕੀਤਾ।

ਇਸ ਨਾਟਕ ’ਚ ਮੁੱਖ ਭੂਮਿਕਾਵਾਂ ਉੱਘੇ ਫਿਲਮੀ ਅਦਾਕਾਰ ਹਰਦੀਪ ਗਿੱਲ ਤੇ ਅਨੀਤਾ ਦੇਵਗਨ ਨੇ ਨਿਭਾਈਆਂ। ਵਿਦੇਸ਼ ’ਚ ਆਪਣੇ ਪੁੱਤਰ ਕੋਲ ਰਹਿੰਦੇ ਇੱਕ ਜੋੜੇ ਦੇ ਕਿਰਦਾਰ ’ਚ ਇਨ੍ਹਾਂ ਅਦਾਕਾਰੀ ਨੇ ਸਭ ਦਾ ਮਣ ਮੋਹ ਲਿਆ। ਭਰਤ ਵਰਿਆਲ ਨੇ ਪੰਜਾਬ ਵਸਦੇ ਪੁੱਤਰ ਦਾ ਅਤੇ ਹਰਮੀਤ ਕੌਰ ਸਾਂਘੀ ਨੇ ਉਸ ਦੀ ਪਤਨੀ ਦਾ, ਗੁਰਦਿੱਤ ਸਿੰਘ ਨੇ ਪਿੰਡ ਦੇ ਮੋਹਤਬਰ ਬੰਦੇ ਦਾ ਅਤੇ ਗੁਰਪ੍ਰੀਤ ਸਿੰਘ ਨੇ ਨੌਜਵਾਨ ਦੀ ਭੂਮਿਕਾ ਬਾਖ਼ੂਬੀ ਨਿਭਾਈ।
ਇਸ ਨਾਟਕ ਦੌਰਾਨ ਦੇਸ਼-ਵਿਦੇਸ਼ ਵਸਦੇ ਕਿਰਦਾਰਾਂ ਨੂੰ ਮਲਟੀਮੀਡੀਆ ਰਾਹੀਂ ਪੇਸ਼ ਕੀਤਾ ਗਿਆ। ਨਿਰਦੇਸ਼ਕ ਦਾ ਇਹ ਤਜ਼ਰਬਾ ਨਾਟਕ ਦੀ ਪੇਸ਼ਕਾਰੀ ਨੂੰ ਵਿਲੱਖਣਤਾ ਪ੍ਰਦਾਨ ਕਰਦਾ ਹੈ।

ਜੌਨ ਕਾਫ਼ਰ ਨੇ ਨਾਟਕ ਨੂੰ ਸੰਗੀਤਕ ਛੋਹਾਂ ਨਾਲ ਸਿਖ਼ਰ ’ਤੇ ਪਹੁੰਚਾ ਦਿੱਤਾ। ਮੁਹਾਵਰੇਦਾਰ ਬੋਲੀ, ਸਹਿਜਮਈ ਅਦਾਕਾਰੀ ਤੇ ਗੁੰਦਵੀਂ ਕਹਾਣੀ ਨੇ ਇਸ ਨਾਟਕ ਨੂੰ ਸਫ਼ਲ ਬਣਾਉਣ ’ਚ ਵੱਡੀ ਭੂਮਿਕਾ ਨਿਭਾਈ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪ੍ਰੋ. ਕੇ.ਐਸ. ਮਾਨ ਨੇ ਕੀਤਾ। ਅਖ਼ੀਰ ਵਿੱਚ ਸਾਰੇ ਕਲਾਕਾਰਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *