ਜੰਗ ਤੋਂ ਬਾਅਦ ਹੋਰ ਮਜ਼ਬੂਤ ਹੋ ਗਿਆ ਇਰਾਨ ! ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਵੀ ਹੋਈ ਖ਼ਾਮੋਸ਼

ਇਰਾਨ ਵਿਚ ਹਾਲ ਹੀ ਦੀ ਜੰਗ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰ ਕਮਜ਼ੋਰ ਹੋਣ ਦੀ ਬਜਾਏ ਹੋਰ ਮਜ਼ਬੂਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੰਗ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਰਿਵੋਲਿਊਸ਼ਨਰੀ ਗਾਰਡਸ ਨੂੰ ਜ਼ਿਆਦਾ ਤਾਕਤ ਮਿਲ ਗਈ ਹੈ ਅਤੇ ਵਿਰੋਧ ਕਰਨ ਵਾਲਿਆਂ ’ਤੇ ਸਖ਼ਤੀ ਵਧਾ ਦਿੱਤੀ ਗਈ ਹੈ। ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਜਨਵਰੀ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ 53,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਗਿਣਤੀ ਹੋਰ ਵਧ ਗਈ ਹੈ।

ਇਸ ਤੋਂ ਇਲਾਵਾ ਹਾਲ ਹੀ ਦੇ ਮਹੀਨਿਆਂ ਵਿਚ 21 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ, ਜੋ ਪਿਛਲੇ 30 ਸਾਲਾਂ ਵਿਚ ਇੰਨੇ ਘੱਟ ਸਮੇਂ ਵਿਚ ਸਭ ਤੋਂ ਵੱਧ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਰ ਦੇ ਇਸ ਮਾਹੌਲ ’ਚ ਲੋਕ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾ ਰਹੇ, ਜਿਸ ਨਾਲ ਸ਼ਾਸਨ ਦੀ ਪਕੜ ਹੋਰ ਮਜ਼ਬੂਤ ਹੁੰਦੀ ਚਲੀ ਗਈ ਹੈ। ਹੁਣ ਸੱਤਾ ਨਾ ਸਿਰਫ਼ ਕਾਇਮ ਹੈ ਸਗੋਂ ਵਿਰੋਧ ਕਰਨ ਵਾਲਿਆਂ ਪ੍ਰਤੀ ਜ਼ਿਆਦਾ ਹਮਲਾਵਰ ਅਤੇ ਬਦਲਾਖੋਰੀ ਵਾਲੀ ਨਜ਼ਰ ਆ ਰਹੀ ਹੈ।

ਨੌਜਵਾਨਾਂ ਦੀ ਉਮੀਦ ਅਤੇ ਨਿਰਾਸ਼ਾ
ਤਹਿਰਾਨ ਦੇ ਪੜ੍ਹੇ-ਲਿਖੇ ਅਤੇ ਮੱਧ ਵਰਗ ਦੇ ਨੌਜਵਾਨਾਂ ਵਿਚ ਇਸ ਸਮੇਂ ਡੂੰਘੀ ਨਿਰਾਸ਼ਾ ਅਤੇ ਉਮੀਦ ਵਿਚਕਾਰ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ। ਸ਼ਾਸਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਅਜੇ ਵੀ ਲੱਗਦਾ ਹੈ ਕਿ ਹਾਲਾਤ ਹੌਲੀ-ਹੌਲੀ ਬਦਲ ਸਕਦੇ ਹਨ ਅਤੇ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਕਈ ਹੋਰ ਆਲੋਚਕਾਂ ਦਾ ਮੰਨਣਾ ਹੈ ਕਿ ਸਥਿਤੀ ਉਲਟ ਗਈ ਹੈ। ਉਨ੍ਹਾਂ ਮੁਤਾਬਕ ਦੇਸ਼ ਵਿਚ ਸੱਤਾ ਦਾ ਕੰਟਰੋਲ ਹੋਰ ਜ਼ਿਆਦਾ ਕੇਂਦ੍ਰਿਤ ਹੋ ਗਿਆ ਹੈ ਅਤੇ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਜਨਤਾ ਦੀ ਹਾਲਤ ਬਦਤਰ ਹੋ ਗਈ ਹੈ ਅਤੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਲਗਾਤਾਰ ਵਧ ਰਹੀ ਹੈ।

ਯੁੱਧ ਨਾਲ ਟੁੱਟੀਆਂ ਉਮੀਦਾਂ
​ਆਲੋਚਕਾਂ ਅਨੁਸਾਰ ਸ਼ੁਰੂਆਤ ਵਿਚ ਕਈ ਲੋਕ ਜੰਗ ਦੇ ਖਿਲਾਫ ਸਨ ਪਰ ਜਦੋਂ ਹਮਲਿਆਂ ਵਿਚ ਸੱਤਾ ਨਾਲ ਜੁੜੇ ਪ੍ਰਮੁੱਖ ਚਿਹਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਸ ਨਾਲ ਬਦਲਾਅ ਦਾ ਰਸਤਾ ਖੁੱਲ੍ਹ ਸਕਦਾ ਹੈ ਪਰ ਜਿਵੇਂ-ਜਿਵੇਂ ਜੰਗ ਲੰਬੀ ਖਿੱਚੀ ਗਈ, ਇਹ ਉਮੀਦ ਕਮਜ਼ੋਰ ਪੈਂਦੀ ਗਈ। ਹੁਣ ਉਨ੍ਹਾਂ ਦਾ ਮੰਨਣਾ ਹੈ ਕਿ ਸਿਖਰਲੇ ਪੱਧਰ ’ਤੇ ਬਦਲਾਅ ਦੇ ਬਾਵਜੂਦ ਸ਼ਾਸਨ ਦੇ ਢਾਂਚੇ ਵਿਚ ਕੋਈ ਵੱਡੀ ਤਬਦੀਲੀ ਨਹੀਂ ਆਈ। ਇਸੇ ਕਾਰਨ ਕਈ ਲੋਕਾਂ ਵਿਚਕਾਰ ਗਹਿਰੀ ਨਿਰਾਸ਼ਾ ਦਾ ਆਲਮ ਹੈ।

ਅਨਿਸ਼ਚਿਤ ਭਵਿੱਖ ਅਤੇ ਵਧਦੀ ਚਿੰਤਾ
​ਲਗਾਤਾਰ ਦਮਨ, ਗ੍ਰਿਫਤਾਰੀ ਅਤੇ ਸਜ਼ਾ ਦੇ ਡਰ ਨੇ ਵਿਰੋਧੀ ਧਿਰ ਨੂੰ ਸੜਕਾਂ ਤੋਂ ਲਗਭਗ ਗਾਇਬ ਕਰ ਦਿੱਤਾ ਹੈ। ਲੋਕ ਹੁਣ ਖੁੱਲ੍ਹ ਕੇ ਵਿਰੋਧ ਕਰਨ ਤੋਂ ਬਚ ਰਹੇ ਹਨ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਦੇ ਰਹੇ ਹਨ। ਇਹ ਸਥਿਤੀ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਭੈਅ ਦਾ ਮਾਹੌਲ ਲੋਕਤੰਤਰੀ ਪ੍ਰਗਟਾਵੇ ਨੂੰ ਦਬਾ ਸਕਦਾ ਹੈ।

ਇਰਾਨ ਵਿਚ ਮੌਜੂਦਾ ਹਾਲਾਤ ਇਹ ਸੰਕੇਤ ਦਿੰਦੇ ਹਨ ਕਿ ਜੰਗ ਅਤੇ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਸ਼ਾਸਨ ਕਮਜ਼ੋਰ ਨਹੀਂ ਹੋਇਆ ਹੈ। ਇਸ ਦੇ ਉਲਟ ਸੱਤਾ ਹੋਰ ਸਖ਼ਤ ਹੋ ਗਈ ਹੈ ਅਤੇ ਵਿਰੋਧ ਦੀਆਂ ਆਵਾਜ਼ਾਂ ਦਬਾ ਦਿੱਤੀਆਂ ਗਈਆਂ ਹਨ। ਆਮ ਲੋਕ ਹੁਣ ਭਵਿੱਖ ਨੂੰ ਲੈ ਕੇ ਚਿੰਤਤ ਹਨ। ਅਜਿਹੇ ਮਾਹੌਲ ’ਚ ਬਦਲਾਅ ਦੀਆਂ ਉਮੀਦਾਂ ਕਮਜ਼ੋਰ ਪੈਂਦੀਆਂ ਨਜ਼ਰ ਆ ਰਹੀਆਂ ਹਨ।

ਜੇਲ੍ਹਾਂ ਵਿਚ ਕਠੋਰ ਹਾਲਾਤ
ਕੈਦੀਆਂ ਨਾਲ ਕੰਮ ਕਰਨ ਵਾਲੀ ਇਕ ਵਕੀਲ ਸੁਸਾਨ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਲ੍ਹਾਂ ’ਚ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਕਠੋਰ ਹੋ ਗਏ ਹਨ। ਉਨ੍ਹਾਂ ਅਨੁਸਾਰ ਪਹਿਲਾਂ ਸਖ਼ਤੀ ਸਿਰਫ਼ ਹਿੰਸਕ ਪ੍ਰਦਰਸ਼ਨਕਾਰੀਆਂ ਤੱਕ ਸੀਮਤ ਸੀ ਪਰ ਹੁਣ ਆਮ ਨਾਗਰਿਕਾਂ ਨਾਲ ਵੀ ਉਹੀ ਵਿਵਹਾਰ ਕੀਤਾ ਜਾ ਰਿਹਾ ਹੈ। ਇਹ ਬਦਲਾਅ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਹੁਣ ਕਿਸੇ ਵੀ ਤਰ੍ਹਾਂ ਦੀ ਅਸਹਿਮਤੀ ਨੂੰ ਬਰਦਾਸ਼ਤ ਕਰਨ ਦੇ ਮੂਡ ’ਚ ਨਹੀਂ ਹੈ।

ਪਰਿਵਾਰਾਂ ਵਿਚ ਵੀ ਵਧਦਾ ਟਕਰਾਅ
ਇਰਾਨ ਵਿਚ ਸਿਆਸੀ ਮਤਭੇਦ ਹੁਣ ਪਰਿਵਾਰਾਂ ਦੇ ਅੰਦਰ ਵੀ ਤਰੇੜਾਂ ਪੈਦਾ ਕਰ ਰਹੇ ਹਨ। ਸੁਸਾਨ ਦੇ ਮਾਤਾ-ਪਿਤਾ ਸ਼ਾਸਨ ਦੇ ਸਮਰਥਕ ਹਨ, ਜਦਕਿ ਉਸ ਦਾ ਭਰਾ ਇਸ ਦੇ ਖਿਲਾਫ ਹੈ। ਇਸ ਤਰ੍ਹਾਂ ਦੇ ਮੱਤਭੇਦ ਨਾ ਸਿਰਫ਼ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰ ਰਹੇ ਹਨ ਸਗੋਂ ਲੋਕਾਂ ਦੇ ਨਿੱਜੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।

​ਪੱਤਰਕਾਰਾਂ ’ਤੇ ਵਧਦਾ ਖਤਰਾ
​ਸੁਤੰਤਰ ਪੱਤਰਕਾਰਾਂ ਲਈ ਹਾਲਾਤ ਹੋਰ ਵੀ ਮੁਸ਼ਕਿਲ ਹੋ ਗਏ ਹਨ। ਇਕ ਪੱਤਰਕਾਰ ਅਨੁਸਾਰ ਪਹਿਲਾਂ ਉਨ੍ਹਾਂ ਨੂੰ ਸਿਆਸੀ ਅਪਰਾਧਾਂ ਤਹਿਤ ਨਿਸ਼ਾਨਾ ਬਣਾਇਆ ਜਾਂਦਾ ਸੀ ਪਰ ਹੁਣ ਜੰਗ ਦੀ ਰਿਪੋਰਟਿੰਗ ਨੂੰ ਵੀ ਜਾਸੂਸੀ ਮੰਨਿਆ ਜਾ ਸਕਦਾ ਹੈ। ਜਾਸੂਸੀ ਦੇ ਦੋਸ਼ ਵਿਚ ਸਖ਼ਤ ਸਜ਼ਾ, ਇਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਅਜਿਹੇ ਵਿਚ ਪੱਤਰਕਾਰਾਂ ਲਈ ਸੱਚ ਸਾਹਮਣੇ ਲਿਆਉਣਾ ਬੇਹੱਦ ਜੋਖਮ ਭਰਿਆ ਹੋ ਗਿਆ ਹੈ।

Leave a Reply

Your email address will not be published. Required fields are marked *