ਗਰਮੀਆਂ ਦੇ ਮੌਸਮ ‘ਚ ਤਾਪਮਾਨ ਵਧਣ ਕਾਰਨ ਸਰੀਰ ਨੂੰ ਠੰਡਕ ਦੀ ਲੋੜ ਹੁੰਦੀ ਹੈ। ਇਸ ਦੌਰਾਨ, ਕੁਦਰਤੀ ਤਰੀਕਿਆਂ ਨਾਲ ਤਾਪਮਾਨ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ। ਗੋਂਦ ਕਤੀਰਾ, ਜੋ ਕਿ ਇਕ ਕੁਦਰਤੀ ਅਤੇ ਆਯੁਰਵੈਦਿਕ ਔਸ਼ਧੀ ਹੈ, ਗਰਮੀਆਂ ‘ਚ ਸਰੀਰ ਲਈ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ। ਇਹ ਸਰੀਰ ਨੂੰ ਠੰਡਕ, ਪਚਨ ਤੰਤਰ ਨੂੰ ਮਜ਼ਬੂਤ ਅਤੇ ਗਰਮੀਆਂ ਦੀਆਂ ਹੋਰ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਸਰੀਰ ਨੂੰ ਠੰਡਕ ਦੇਵੇ : ਗਰਮੀਆਂ ‘ਚ ਗੋਂਦ ਕਤੀਰੇ ਦਾ ਸੇਵਨ ਕਰਨ ਨਾਲ ਸਰੀਰ ਦੀ ਗਰਮੀ ਘਟਦੀ ਹੈ ਅਤੇ ਹੀਟਸਟ੍ਰੋਕ (ਲੂ ਲੱਗਣ) ਤੋਂ ਬਚਾਅ ਹੁੰਦਾ ਹੈ।
ਪਾਣੀ ਦੀ ਕਮੀ ਕਰੇ ਦੂਰ : ਗਰਮ ਮੌਸਮ ‘ਚ ਸਰੀਰ ‘ਚ ਪਾਣੀ ਦੀ ਘਾਟ ਹੋ ਜਾਣੀ ਆਮ ਗੱਲ ਹੈ। ਗੋਂਦ ਕਤੀਰਾ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਥਕਾਵਟ ਵੀ ਨਹੀਂ ਹੁੰਦੀ।
ਪਾਚਣ ਤੰਤਰ ਕਰੇ ਮਜ਼ਬੂਤ : ਇਹ ਪਾਚਣ ਤੰਤਰ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ। ਗਰਮੀਆਂ ‘ਚ ਐਸੀਡਿਟੀ ਅਤੇ ਕਬਜ਼ ਆਮ ਮੁੱਦੇ ਹੁੰਦੇ ਹਨ, ਪਰ ਗੋਂਦ ਕਤੀਰਾ ਪੀਣ ਨਾਲ ਇਹ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਕਈ ਬੀਮਾਰੀਆਂ ਤੋਂ ਛੁਟਕਾਰਾ : ਗੋਂਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ, ਉੱਲਟੀ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਨਿਯਮਿਤ ਰੂਪ ‘ਚ ਗੋਂਦ ਕਤੀਰੇ ਦੀ ਵਰਤੋਂ ਕਰੋ।
ਲੂ ਤੋਂ ਬਚਾਅ : ਤਪਦੀ ਗਰਮੀ ‘ਚ ਘਰ ਤੋਂ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤਾਂ ਗੋਂਦ ਕਤੀਰਾ ਸਵੇਰੇ ਅਤੇ ਸ਼ਾਮ ਦੁੱਧ ਜਾ ਸ਼ਰਬਤ ‘ਚ ਮਿਲਾ ਕੇ ਪੀਣਾ ਚਾਹੀਦਾ ਹੈ।
ਹੱਡੀਆਂ ਅਤੇ ਮਾਸਪੇਸ਼ੀਆਂ ਲਈ ਫਾਇਦੇਮੰਦ : ਇਸ ‘ਚ ਕੈਲਸ਼ੀਅਮ ਅਤੇ ਪ੍ਰੋਟੀਨ ਹੁੰਦੇ ਹਨ, ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਖਾਸ ਕਰਕੇ, ਇਹ ਜਿੰਮ ਜਾਂ ਭਾਰੀ ਕਸਰਤ ਕਰਨ ਵਾਲੇ ਵਿਅਕਤੀਆਂ ਲਈ ਬਹੁਤ ਲਾਭਦਾਇਕ ਹੈ।
ਨਰਵਸ ਸਿਸਟਮ ਨੂੰ ਸ਼ਕਤੀ ਦੇਵੇ : ਗੋਂਦ ਕਤੀਰਾ ਮੱਗਜ਼ (ਦਿਮਾਗ) ਨੂੰ ਠੰਡਕ ਦੇਣ ਅਤੇ ਨਰਵਸ ਸਿਸਟਮ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤਣਾਅ ਅਤੇ ਨੀਂਦ ਦੀਆਂ ਸਮੱਸਿਆਵਾਂ ਘਟਦੀਆਂ ਹਨ।
ਗੋਂਦ ਕਤੀਰਾ ਪੀਣ ਦਾ ਤਰੀਕਾ :-
– 1-2 ਚਮਚ ਗੋਂਦ ਕਤੀਰਾ ਨੂੰ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖ ਦਿਓ।
– ਇਸ ਨੂੰ ਦੁੱਧ, ਪਾਣੀ ਜਾਂ ਲੱਸੀ ‘ਚ ਮਿਲਾ ਕੇ ਪੀ ਸਕਦੇ ਹੋ।
– ਸਵਾਦ ਲਈ ਸ਼ਹਦ ਜਾਂ ਚੀਨੀ ਵੀ ਮਿਲਾਈ ਜਾ ਸਕਦੀ ਹੈ।