ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ, ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਇੱਕ ਬਹੁਤ ਹੀ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਬੈਂਕ ਸ਼ਾਖਾ ਨਾਲ ਸਬੰਧਤ ਕੋਈ ਵੀ ਅਹਿਮ ਕੰਮ ਜਿਵੇਂ ਕਿ ਨਕਦ ਲੈਣ-ਦੇਣ, ਚੈੱਕ ਕਲੀਅਰੈਂਸ ਜਾਂ ਲੋਨ ਸਬੰਧੀ ਕਾਗਜ਼ੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਨੂੰ ਤੁਰੰਤ ਨਿਪਟਾ ਲਓ। 23 ਮਈ ਤੋਂ 28 ਮਈ ਤੱਕ ਲਗਾਤਾਰ 6 ਦਿਨਾਂ ਲਈ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਬੈਂਕਾਂ ਦੇ ਲਗਾਤਾਰ ਬੰਦ ਰਹਿਣ ਦੇ ਹਨ ਵੱਖ-ਵੱਖ ਕਾਰਨ
23 ਮਈ (ਸ਼ਨੀਵਾਰ): ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
24 ਮਈ (ਐਤਵਾਰ): ਹਫਤਾਵਾਰੀ ਛੁੱਟੀ।
25-26 ਮਈ (ਸੋਮਵਾਰ-ਮੰਗਲਵਾਰ): ਕਰਮਚਾਰੀ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।
27-28 ਮਈ (ਬੁੱਧਵਾਰ-ਵੀਰਵਾਰ): ਈਦ-ਉਲ-ਅਜ਼ਹਾ (ਬਕਰੀਦ) ਦੇ ਮੌਕੇ ‘ਤੇ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
ਬੈਂਕਾਂ ਵਿੱਚ ਆਮ ਵਾਂਗ ਕੰਮਕਾਜ 29 ਮਈ 2026 (ਸ਼ੁੱਕਰਵਾਰ) ਤੋਂ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
ਕਰਮਚਾਰੀ ਯੂਨੀਅਨ ਦੀ ਹੜਤਾਲ
ਆਲ ਇੰਡੀਆ ਸਟੇਟ ਬੈਂਕ ਆਫ ਇੰਡੀਆ ਸਟਾਫ ਫੈਡਰੇਸ਼ਨ (AISBISF) ਨੇ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਨਵੀਂ ਭਰਤੀ, ਸੁਰੱਖਿਆ ਪ੍ਰਬੰਧਾਂ, ਤਨਖਾਹਾਂ ਵਿੱਚ ਅਸਮਾਨਤਾ ਅਤੇ ਪੈਨਸ਼ਨ ਨਾਲ ਜੁੜੇ ਮੁੱਦਿਆਂ ਦਾ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਨਿਕਲਿਆ ਹੈ।
ਗਾਹਕਾਂ ਲਈ ਜ਼ਰੂਰੀ ਸੁਝਾਅ ਹਾਲਾਂਕਿ ਸ਼ਾਖਾਵਾਂ ਵਿੱਚ ਚੈੱਕ ਕਲੀਅਰੈਂਸ ਅਤੇ ਡਿਮਾਂਡ ਡਰਾਫਟ ਵਰਗੀਆਂ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ, ਪਰ ਬੈਂਕ ਦੀਆਂ ਡਿਜੀਟਲ ਸੇਵਾਵਾਂ ਜਾਰੀ ਰਹਿਣ ਦੀ ਉਮੀਦ ਹੈ। ਗਾਹਕ ਆਪਣੇ ਜ਼ਰੂਰੀ ਲੈਣ-ਦੇਣ ਲਈ ਨੈੱਟ ਬੈਂਕਿੰਗ, YONO ਐਪ ਅਤੇ ATM ਦੀ ਵਰਤੋਂ ਕਰ ਸਕਦੇ ਹਨ। ਬੈਂਕ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਜ਼ਰੂਰੀ ਕੰਮ ਸਮੇਂ ਸਿਰ ਨਿਪਟਾ ਲੈਣ।