ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ?

ਅਕਸਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਜਿਵੇਂ ਹੀ ਉਹ ਖਾਣਾ ਖਾਂਦੇ ਹਨ, ਖਾਸ ਕਰਕੇ ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ, ਉਨ੍ਹਾਂ ਨੂੰ ਅਚਾਨਕ ਨੀਂਦ ਆਉਣ ਲੱਗਦੀ ਹੈ ਜਾਂ ਆਲਸ ਘੇਰ ਲੈਂਦਾ ਹੈ। ਇਹ ਕੋਈ ਆਲਸ ਨਹੀਂ, ਸਗੋਂ ਸਰੀਰ ਦੀ ਇਕ ਕੁਦਰਤੀ ਪ੍ਰਕਿਰਿਆ ਹੈ। ਭੋਜਨ ਸਿਰਫ਼ ਸਾਡੀ ਭੁੱਖ ਮਿਟਾਉਂਦਾ ਹੀ ਨਹੀਂ ਸਗੋਂ ਸਰੀਰ ਅੰਦਰ ਕਈ ਤਰ੍ਹਾਂ ਦੇ ਹਾਰਮੋਨ ਅਤੇ ਰਸਾਇਣ ਵੀ ਰਿਲੀਜ਼ ਕਰਦਾ ਹੈ ਜੋ ਸਾਡੀ ਸਿਹਤ, ਮਨੋਭਾਵ ਅਤੇ ਜਾਗਰੂਕਤਾ ‘ਤੇ ਪ੍ਰਭਾਵ ਪਾਂਦੇ ਹਨ।

ਇਸ ਲੇਖ ਰਾਹੀਂ ਅਸੀਂ ਜਾਣਾਂਗੇ ਕਿ ਖਾਣਾ ਖਾਣ ਤੋਂ ਬਾਅਦ ਨੀਂਦ ਆਉਣ ਦੇ ਪਿੱਛੇ ਵਿਗਿਆਨਕ ਕਾਰਨ ਕੀ ਹਨ ਅਤੇ ਇਹ ਸਰੀਰ ਦੇ ਕਿਹੜੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ।

ਹਜ਼ਮ ਦੀ ਪ੍ਰਕਿਰਿਆ
– ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਸਰੀਰ ਦਾ ਧਿਆਨ ਹਾਜ਼ਮੇ ਵੱਲ ਕੇਂਦਰਿਤ ਹੋ ਜਾਂਦਾ ਹੈ। ਖਾਸ ਕਰਕੇ ਵੱਧ ਮਾਤਰਾ ’ਚ ਤੇਲ, ਮਸਾਲਾ ਜਾਂ ਕਾਰਬੋਹਾਈਡਰੇਟ ਵਾਲਾ ਭੋਜਨ ਹਜ਼ਮ ਕਰਨ ਲਈ ਜ਼ਿਆਦਾ ਉਰਜਾ ਦੀ ਲੋੜ ਪੈਂਦੀ ਹੈ। ਇਸ ਕਾਰਨ ਹੋਰ ਸਰੀਰਕ ਸਰਗਰਮੀਆਂ ਮੱਠੀ ਹੋ ਜਾਂਦੀਆਂ ਹਨ, ਜਿਸ ਨਾਲ ਸੁਸਤਾਪਨ ਤੇ ਨੀਂਦ ਆਉਣ ਲੱਗਦੀ ਹੈ।

ਇੰਸੁਲਿਨ ਅਤੇ ਟ੍ਰਿਪਟੋਫੈਨ ਦਾ ਪ੍ਰਭਾਵ
– ਕਾਰਬੋਹਾਈਡਰੇਟ ਵਾਲਾ ਖਾਣਾ (ਜਿਵੇਂ ਚਾਵਲ, ਰੋਟੀ, ਮਿਠਾਈ ਆਦਿ) ਖਾਣ ਤੋਂ ਬਾਅਦ ਸਰੀਰ ’ਚ ਇੰਸੁਲਿਨ ਵਧਦਾ ਹੈ। ਇਹ ਟ੍ਰਿਪਟੋਫੈਨ ਨਾਮਕ ਐਮੀਨੋ ਐਸਿਡ ਨੂੰ ਦਿਮਾਗ ’ਚ ਭੇਜਦਾ ਹੈ, ਜੋ “ਸੈਰੋਟੋਨਿਨ” ਅਤੇ “ਮੇਲਾਟੋਨਿਨ” ਬਣਾਉਂਦਾ ਹੈ, ਇਹ ਦੋਨੋਂ ਰਸਾਇਣ ਨੀਂਦ ਲਿਆਉਂਦੇ ਹਨ।

ਖੂਨ ਦੇ ਸੰਚਾਰ ’ਚ ਬਦਲਾਅ
– ਭੋਜਨ ਖਾਣ ਮਗਰੋਂ ਖੂਨ ਵੱਡੀ ਮਾਤਰਾ ’ਚ ਪੇਟ ਅਤੇ ਅੰਤੜੀਆਂ ਵੱਲ ਵਗਦਾ ਹੈ, ਜਿਸ ਨਾਲ ਦਿਮਾਗ ਵੱਲ ਖੂਨ ਦਾ ਸੰਚਾਰ ਕੁਝ ਹੱਦ ਤੱਕ ਘੱਟ ਹੋ ਜਾਂਦਾ ਹੈ। ਇਹ ਵੀ ਨੀਂਦ ਅਤੇ ਸੁਸਤਾਪਨ ਦਾ ਕਾਰਨ ਬਣ ਸਕਦਾ ਹੈ।

ਹਾਰਮੋਨਲ ਪ੍ਰਭਾਵ
– ਭੋਜਨ ਖਾਣ ਤੋਂ ਬਾਅਦ ਕੁਝ ਹੋਰ (ਜਿਵੇਂ ਕਿ ਕੋਲੀਸੀਸਟੋਕਾਈਨਿਨ – CCK) ਵੀ ਰਿਲੀਜ਼ ਹੁੰਦੇ ਹਨ ਜੋ ਸਰੀਰ ਨੂੰ ਆਰਾਮ ਦੇਣ ’ਚ ਸਹਾਇਕ ਹੁੰਦੇ ਹਨ।

ਵੱਧ ਮਾਤਰਾ ’ਚ ਭੋਜਨ ਦਾ ਸੇਵਨ ਕਰਨਾ
– ਜਦੋਂ ਤੁਸੀਂ ਆਪਣੀ ਭੁੱਖ ਤੋਂ ਵੱਧ ਖਾ ਲੈਂਦੇ ਹੋ, ਤਾਂ ਸਰੀਰ ਨੂੰ ਉਸ ਨੂੰ ਸੰਭਾਲਣ ਅਤੇ ਹਜ਼ਮ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ, ਜਿਸ ਕਾਰਨ ਥਕਾਵਟ ਅਤੇ ਨੀਂਦ ਆਉਂਦੀ ਹੈ।
 

Leave a Reply

Your email address will not be published. Required fields are marked *