ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਇਕ ਹੋਰ ਵੱਡਾ ਕਦਮ ਚੁੱਕਦਿਆਂ ਹੁਣ ਜ਼ਿਲੇ ਦੇ ਨਾਗਰਿਕ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਤਰ੍ਹਾਂ ਦੀਆਂ ਸੇਵਾਵਾਂ ਸਿੱਧੇ ਤੌਰ ’ਤੇ ਆਪਣੇ ਨੇੜਲੇ ਸੇਵਾ ਕੇਂਦਰਾਂ ਤੋਂ ਹਾਸਲ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਜਨਲ ਟਰਾਂਸਪੋਰਟ ਅਫਸਰ (ਆਰ.ਟੀ. ਓ) ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਇਹ ਕਦਮ ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਹੋਰ ਵਧੀਆ ਬਣਾਉਣ ਅਤੇ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਸਰਲ ਢੰਗ ਨਾਲ ਸਰਕਾਰੀ ਸੇਵਾਵਾਂ ਉਪਲੱਬਧ ਕਰਵਾਉਣ ਦੇ ਉਦੇਸ਼ ਹੇਠ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਸੇਵਾ ਸਹਾਇਕਾਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਸੇਵਾਵਾਂ ਬਾਰੇ ਵਿਸਥਾਰਪੂਰਕ ਟਰੇਨਿੰਗ ਦਿੱਤੀ ਗਈ ਹੈ ਤਾਂ ਜੋ ਉਹ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਹ ਸੇਵਾਵਾਂ ਦੇ ਸਕਣ।
ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਆਪਣੇ ਡਰਾਇਵਿੰਗ ਲਾਇਸੈਂਸ ਜਾਂ ਵਹੀਕਲ ਦੀ ਰਜਿਸਟਰੇਸ਼ਨ ਸਬੰਧੀ ਸੇਵਾਵਾਂ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਅਸਾਨੀ ਨਾਲ ਅਰਜ਼ੀ ਦੇ ਸਕੇਗਾ। ਇਹ ਨਿੱਜੀ ਤੌਰ ‘ਤੇ ਦਫ਼ਤਰ ਰੀਜਨਲ ਟਰਾਂਸਪੋਰਟ ਅਫਸਰ ਜਾਣ ਦੀ ਲੋੜ ਨੂੰ ਘਟਾਏਗਾ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਇਨ੍ਹਾਂ 29 ਸੇਵਾਵਾਂ ਵਿਚ ਡਰਾਇਵਿੰਗ ਲਾਇਸੈਂਸ ਜਾਰੀ ਕਰਵਾਉਣਾ, ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਲਾਇਸੈਂਸ ਵਿਚ ਸ਼੍ਰੇਣੀ ਜੁੜਵਾਉਣੀ, ਵਹੀਕਲ ਦੀ ਰਜਿਸਟਰੇਸ਼ਨ, ਰਜਿਸਟਰੇਸ਼ਨ ਸਰਟੀਫਿਕੇਟ ਵਿਚ ਪਤਾ ਬਦਲ, ਡੁਪਲੀਕੇਟ, ਫਾਈਨੈਂਸ ਹਟਾਉਣਾ ਜਾਂ ਜੁੜਵਾਉਣਾ, ਨਾਂ ਤਬਦੀਲੀ ਅਤੇ ਹੋਰ ਕਈ ਜ਼ਰੂਰੀ ਸੇਵਾਵਾਂ ਸ਼ਾਮਲ ਹਨ।
ਆਰ. ਟੀ. ਓ. ਬਲਜੀਤ ਕੌਰ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਨਾਗਰਿਕਾਂ ਨੂੰ ਟੈਕਨੋਲੋਜੀ ਰਾਹੀਂ ਤੇਜ਼, ਪਾਰਦਰਸ਼ੀ ਅਤੇ ਲਾਭਕਾਰੀ ਸੇਵਾਵਾਂ ਉਪਲੱਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਨੂੰ ਸਮਰਥ ਬਣਾਇਆ ਗਿਆ ਹੈ ਅਤੇ ਮੁਲਾਜ਼ਮਾਂ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਨਾਗਰਿਕ ਲੰਬੀ ਉਡੀਕ ਜਾਂ ਝੰਜਟ ਤੋਂ ਬਿਨਾਂ ਆਪਣੀ ਸੇਵਾ ਲੈ ਸਕੇ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੇਵਾ ਕੇਂਦਰ ਜਾਂ ਪੰਜਾਬ ਸਰਕਾਰ ਦੀ ਸਰਕਾਰੀ ਵੈੱਬਸਾਈਟ ਰਾਹੀਂ ਜਾਣਕਾਰੀ ਲੈ ਕੇ ਇਹ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਅਪਣਾਉਣ। ਇਹ ਯਤਨ ਪੰਜਾਬ ਸਰਕਾਰ ਦੇ ਆਮ ਲੋਕਾਂ ਦੀ ਜੀਵਨ ਰੀਤ ਨੂੰ ਹੋਰ ਸੁਵਿਧਾਜਨਕ ਅਤੇ ਆਸਾਨ ਬਣਾਉਣ ਵੱਲ ਵਧ ਰਹੀ ਹੈ। ਇਸ ਮੌਕੇ ਸਹਾਇਕ ਟਰਾਂਸਪੋਰਟ ਅਫਸਰ ਸ਼ਲਿੰਦਰ ਗੋਇਲ, ਸਹਾਇਕ ਜ਼ਿਲਾ ਆਈ.ਟੀ ਮੈਨੇਜਰ . ਤਲਵਿੰਦਰ ਸਿੰਘ ਆਈ ਟੀ ਸ਼ਾਖਾ, ਸੇਵਾ ਕੇਂਦਰ ਜ਼ਿਲਾ ਮੈਨੇਜਰ ਜਤਿੰਦਰ ਸਿੰਘ. ਸਹਾਇਕ ਜ਼ਿਲਾ ਮੈਨੇਜਰ ਸੇਵਾ ਕੇਂਦਰ ਸੁਖਵੀਰਪਾਲ ਸਿੰਘ, ਸੇਵਾ ਕੇਂਦਰ ਮਾਸਟਰ ਟ੍ਰੇਨਰ ਸਤਨਾਮ ਸਿੰਘ, ਬਰਜਿੰਦਰ ਸਿੰਘ ਸੋਥਾ ਅਤੇ ਨੀਰਜ ਕੁਮਾਰ ਕਲਰਕ ਆਰ. ਟੀ. ਓ. ਦਫਤਰ ਮੌਜੂਦ ਸਨ।