ਰੂਪਨਗਰ ’ਚ ਇਕ ਹੋਰ ਜਾਸੂਸ ਗ੍ਰਿਫ਼ਤਾਰ, ISI ਨੂੰ ਫੌਜ ਦੀ ਜਾਣਕਾਰੀ ਲੀਕ ਕਰਨ ਦਾ ਦੋਸ਼

ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ.ਸੀ.) ਐੱਸ. ਏ.ਐੱਸ. ਨਗਰ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਲਈ ਜਾਸੂਸੀ ਕਰਨ ਦੇ ਦੋਸ਼ ’ਚ ਇਕ ਯੂ-ਟਿਊਬ ਇਨਫਲੂਐਂਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਉਰਫ਼ ਜਾਨ ਮਾਹਲ (41) ਵਾਸੀ ਪਿੰਡ ਮਾਹਲਾਂ ਰੂਪਨਗਰ ਵਜੋਂ ਹੋਈ ਹੈ। ਉਕਤ ਮੁਲਜ਼ਮ 11 ਲੱਖ ਤੋਂ ਵੱਧ ਸਬਸਕ੍ਰਾਈਬਰਜ਼ ਵਾਲਾ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਜੋ ‘ਜਾਨ ਮਾਹਲ ਵੀਡੀਓ’ ਨਾਂ ਦਾ ਯੂ-ਟਿਊਬ ਚੈਨਲ ਚਲਾ ਰਿਹਾ ਸੀ, ਜਿੱਥੇ ਸਫਰਨਾਮਿਆਂ ਅਤੇ ਖਾਣਾ ਪਕਾਉਣ ਸਬੰਧੀ ਵਲੌਗ ਪੋਸਟ ਕੀਤੇ ਜਾਂਦੇ ਸਨ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਜਸਬੀਰ ਸਿੰਘ ਪਾਕਿਸਤਾਨੀ ਇੰਟੈਲੀਜੈਂਸ ਆਪ੍ਰੇਟਿਵ (ਪੀ.ਆਈ.ਓ.) ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਹੈ, ਜੋ ਕਿ ਇਕ ਅੱਤਵਾਦੀ ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸ ਦੇ ਹਰਿਆਣਾ ਸਥਿਤ ਯੂ-ਟਿਊਬਰ ਜੋਤੀ ਮਲਹੋਤਰਾ, ਜਿਸ ਨੂੰ ਹਰਿਆਣਾ ਪੁਲਸ ਨੇ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ  ਸੀ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ  ਸਿੱਧੇ ਸੰਪਰਕ ਸਨ।

ਜਾਂਚ ਤੋਂ ਪਤਾ ਲੱਗਾ ਹੈ ਕਿ ਦਾਨਿਸ਼ ਦੇ ਸੱਦੇ ’ਤੇ ਜਸਬੀਰ ਦਿੱਲੀ ਵਿਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ’ਚ ਸ਼ਾਮਲ ਹੋਇਆ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ। ਉਹ 2020, 2021 ਅਤੇ 2024 ’ਚ ਪਾਕਿਸਤਾਨ ਵੀ ਗਿਆ ਤੇ ਆਈ.ਐੱਸ.ਆਈ. ਅਧਿਕਾਰੀਆਂ ਦੇ ਸਿੱਧੇ ਸੰਪਰਕ ’ਚ ਆਇਆ ਸੀ, ਜਿਨ੍ਹਾਂ ਨੇ ਬਾਅਦ ’ਚ ਉਸ ਨੂੰ ਭਾਰਤ ’ਚ ਜਾਸੂਸੀ ਗਤੀਵਿਧੀਆਂ ਕਰਨ ਲਈ ਭਰਤੀ ਕੀਤਾ।

ਡੀ. ਜੀ. ਪੀ. ਨੇ ਕਿਹਾ ਕਿ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਜਸਬੀਰ ਨੇ ਫੜੇ ਜਾਣ ਤੋਂ ਬਚਣ ਲਈ ਇਨ੍ਹਾਂ ਪੀ.ਆਈ. ਓਜ਼. ਨਾਲ ਆਪਣੇ ਸੰਚਾਰ ਦੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਵਿਆਪਕ ਜਾਸੂਸੀ-ਅੱਤਵਾਦੀ ਨੈੱਟਵਰਕ ਨੂੰ ਖ਼ਤਮ ਕਰਨ ਤੇ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਸ (ਏ.ਆਈ. ਜੀ.) ਐੱਸ.ਐੱਸ. ਓ. ਸੀ. ਐੱਸ.ਏ.ਐੱਸ. ਨਗਰ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਸ ਟੀਮਾਂ ਨੂੰ ਭਰੋਸੇਯੋਗ ਇਤਲਾਹ ਮਿਲੀ ਸੀ ਕਿ ਜਸਬੀਰ ਸਿੰਘ ਉਰਫ਼ ਜਾਨ ਮਾਹਲ, ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟਾਂ ਸਮੇਤ ਕਈ ਪਾਕਿਸਤਾਨੀ ਸੰਸਥਾਵਾਂ ਦੇ ਸੰਪਰਕ ’ਚ ਹੈ ਤੇ ਭਾਰਤੀ ਫੌਜ ਦੀ ਤਾਇਨਾਤੀ ਅਤੇ ਦੇਸ਼ ਦੀਆਂ ਹੋਰ ਅੰਦਰੂਨੀ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਐੱਸ.ਐੱਸ.ਓ.ਸੀ. ਐੱਸ.ਏ.ਐੱਸ. ਨਗਰ ਦੀਆਂ ਟੀਮਾਂ ਨੇ  ਇੰਟੈਲੀਜੈਂਸ-ਆਧਾਰਤ ਕਾਰਵਾਈ ਸ਼ੁਰੂ ਕੀਤੀ  ਤੇ ਸ਼ੱਕੀ ਨੂੰ ਉਸ ਦੇ ਮੋਬਾਈਲ ਡਿਵਾਈਸ ਸਮੇਤ  ਗ੍ਰਿਫਤਾਰ ਕਰ ਲਿਆ।

ਉਸ ਦੇ ਮੋਬਾਈਲ ਫੋਨ ਦੀ ਸ਼ੁਰੂਆਤੀ ਫੋਰੈਂਸਿਕ ਜਾਂਚ ਤੋਂ ਲਗਭਗ 150 ਪਾਕਿਸਤਾਨੀ ਸੰਪਰਕ ਮਿਲੇ ਹਨ, ਜਿਨ੍ਹਾਂ ’ਚ ਪਾਕਿਸਤਾਨੀ ਆਈ.ਐੱਸ.ਆਈ. ਏਜੰਟਾਂ, ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਹੋਰ ਪਾਕਿਸਤਾਨੀ ਸੰਸਥਾਵਾਂ ਦੇ ਮੋਬਾਈਲ ਨੰਬਰ ਸ਼ਾਮਲ ਹਨ। 

ਏ. ਆਈ. ਜੀ. ਨੇ ਕਿਹਾ ਕਿ ਆਪਣੇ ਬਾਰੇ ਜਾਣਕਾਰੀ ਨੂੰ ਲੁਕੋਣ ਦੀ ਕੋਸ਼ਿਸ਼ ’ਚ ਮੁਲਜ਼ਮ ਨੇ ਆਪਣੇ ਮੋਬਾਈਲ ਫੋਨ ਤੋਂ ਚੈਟ, ਸੰਪਰਕ ਰਿਕਾਰਡ ਅਤੇ ਪਾਕਿਸਤਾਨੀ ਖੁਫੀਆ ਹੈਂਡਲਰਾਂ ਨਾਲ ਆਦਾਨ-ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਸਮੇਤ ਮਹੱਤਵਪੂਰਨ ਡਿਜੀਟਲ ਸਬੂਤ ਮਿਟਾ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਵੱਲੋਂ ਮਿਟਾਇਆ ਗਿਆ ਡੇਟਾ ਅਤੇ ਲੀਕ ਕੀਤੀ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨ ਲਈ ਤਕਨੀਕੀ ਰਿਕਵਰੀ ਅਤੇ ਫੋਰੈਂਸਿਕ ਜਾਂਚ ਜਾਰੀ ਹੈ।

Leave a Reply

Your email address will not be published. Required fields are marked *