ਰਵਿੰਦਰ ਜਯੰਤੀ ਵਾਲੇ ਦਿਨ ਸ਼ਨੀਵਾਰ ਯਾਨੀ 9 ਮਈ ਨੂੰ ਪੱਛਮੀ ਬੰਗਾਲ ’ਚ ਭਾਜਪਾ ਦੀ ਪਹਿਲੀ ਸਰਕਾਰ ਸਹੁੰ ਚੁੱਕੇਗੀ। ਸ਼ੁਭੇਂਦੂ ਅਧਿਕਾਰੀ ਸੂਬੇ ਦੇ ਮੁੱਖ ਮੰਤਰੀ ਬਣ ਸਕਦੇ ਹਨ। ਸ਼ੁੱਕਰਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ’ਚ ਇਸ ਦਾ ਐਲਾਨ ਹੋਵੇਗਾ। ਸਹੁੰ ਚੁੱਕ ਸਮਾਗਮ ਸ਼ਾਨਦਾਰ ਹੋਣ ਵਾਲਾ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਬੀਨ ਸਮੇਤ ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ।
ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਮੁਖੀ ਸ਼ਮਿਕ ਭੱਟਾਚਾਰੀਆ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਨਵੀਂ ਭਾਜਪਾ ਸਰਕਾਰ 9 ਮਈ ਨੂੰ ਸਵੇਰੇ 10 ਵਜੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਸਹੁੰ ਚੁੱਕੇਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਦੀ ਮੀਟਿੰਗ ਬੁਲਾਈ ਗਈ ਹੈ ਅਤੇ ਉਦੋਂ ਹੀ ਵਿਧਾਇਕ ਦਲ ਦੇ ਨੇਤਾ ਦਾ ਨਾਂ ਤੈਅ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਆਬਜ਼ਰਵਰ ਵਜੋਂ ਖ਼ੁਦ ਕੋਲਕਾਤਾ ’ਚ ਮੌਜੂਦ ਰਹਿਣਗੇ। ਮੁੱਖ ਮੰਤਰੀ ਅਹੁਦੇ ਲਈ ਮਮਤਾ ਬੈਨਰਜੀ ਨੂੰ ਦੋ ਵਾਰ ਹਰਾਉਣ ਵਾਲੇ ਸ਼ੁਭੇਂਦੂ ਅਧਿਕਾਰੀ ਦਾ ਨਾਂ ਤੈਅ ਮੰਨਿਆ ਜਾ ਰਿਹਾ ਹੈ, ਉੱਥੇ ਹੀ ਦਿਲੀਪ ਘੋਸ਼, ਸ਼ਮਿਕ ਭੱਟਾਚਾਰੀਆ ਅਤੇ ਉਤਪਲ ਮਹਾਰਾਜ ਦੇ ਨਾਂ ਵੀ ਸਿਆਸੀ ਹਲਕਿਆਂ ’ਚ ਹਨ। ਭਾਜਪਾ ਨੇਤਾਵਾਂ ਨੇ ਕੁਝ ਜੇਤੂ ਵਿਧਾਇਕਾਂ ਨੂੰ ਤਲਬ ਕੀਤਾ ਸੀ ਅਤੇ ਇਨ੍ਹਾਂ ’ਚੋਂ 2 ਮਹਿਲਾ ਵਿਧਾਇਕਾਂ ਵੀ ਦਿੱਲੀ ਆ ਕੇ ਚੋਟੀ ਦੀ ਲੀਡਰਸ਼ਿਪ ਨੂੰ ਮਿਲ ਕੇ ਗਈਆਂ ਹਨ। ਚਰਚਾ ਹੈ ਕਿ ਪਾਰਟੀ ਇਕ ਔਰਤ ਸਮੇਤ 2 ਉਪ-ਮੁੱਖ ਮੰਤਰੀਆਂ ਦੇ ਫਾਰਮੂਲੇ ’ਤੇ ਵਿਚਾਰ ਕਰ ਰਹੀ ਹੈ।