ਕੈਨੇਡਾ ‘ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

ਕੈਨੇਡਾ ਵਿਚ ਸੈਂਕੜੇ ਪੰਜਾਬੀ ਪਰਿਵਾਰ ਘਰ ਖਰੀਦ ਕੇ ਕਸੂਤੇ ਫਸ ਗਏ ਹਨ ਅਤੇ ਹੁਣ ਘਰ ਵੇਚ ਕੇ ਵੀ ਕਰਜ਼ੇ ਦੀ ਰਕਮ ਪੂਰੀ ਨਹੀਂ ਹੋ ਰਹੀ। ਜੀ ਹਾਂ, 12 ਲੱਖ ਡਾਲਰ ਵਾਲੇ ਮਕਾਨ ਦੀ ਕੀਮਤ 8 ਲੱਖ 50 ਹਜ਼ਾਰ ਡਾਲਰ ਤੱਕ ਡਿੱਗ ਚੁੱਕੀ ਹੈ ਜਦਕਿ ਮਕਾਨ ਖਰੀਦਣ ਲਈ ਲਿਆ ਕਰਜ਼ਾ 9 ਲੱਖ ਡਾਲਰ ਤੋਂ ਵੱਧ ਬਣਦਾ ਹੈ। ਦੂਜੇ ਪਾਸੇ ਇਕੁਈਫ਼ੈਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਬਰੈਂਪਟਨ ਸ਼ਹਿਰ ਵਿਚ ਡਿਫ਼ਾਲਟਰਾਂ ਦੀ ਗਿਣਤੀ ਕੈਨੇਡਾ ਵਿਚ ਸਭ ਤੋਂ ਵੱਧ ਬਣਦੀ ਹੈ। 2019 ਵਿਚ ਬਰੈਂਪਟਨ ਵਿਖੇ ਇਕ ਘਰ ਦੀ ਔਸਤ ਕੀਮਤ 6 ਲੱਖ 39 ਹਜ਼ਾਰ ਡਾਲਰ ਸੀ ਪਰ ਸਾਲ 2022 ਚੜ੍ਹਦਿਆਂ ਰੀਅਲ ਅਸਟੇਟ ਬਾਜ਼ਾਰ ਅਸਮਾਨ ਨਾਲ ਗੱਲਾਂ ਕਰਨ ਲੱਗਿਆ ਅਤੇ ਕੀਮਤ 12 ਲੱਖ ਡਾਲਰ ਤੋਂ ਟੱਪ ਗਈ ਜੋ ਇਸ ਵੇਲੇ ਸਾਢੇ ਅੱਠ ਲੱਖ ਡਾਲਰ ਤੋਂ 9 ਲੱਖ ਡਾਲਰ ਦਰਮਿਆਨ ਚੱਲ ਰਹੀ ਹੈ। ਕੈਨੇਡਾ ਵਿਚ ਜਦੋਂ ਤੋਂ ਇਮੀਗ੍ਰੇਸ਼ਨ ‘ਤੇ ਸਖ਼ਤੀ ਹੋਈ ਹੈ ਉਦੋਂ ਤੋਂ ਬਹੁਤ ਸਾਰੇ ਖੇਤਰ ਪ੍ਰਭਾਵਿਤ ਹੋਏ ਹਨ। ਕੈਨੇਡਾ ਦੇ ਪ੍ਰਮੁੱਖ ਉਦਯੋਗ ਰੀਅਲ ਅਸਟੇਟ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। 

ਕਿਸ਼ਤਾਂ ਮੋੜਨੀਆਂ ਹੋਈਆਂ ਔਖੀਆਂ

2021 ਅਤੇ 2022 ਵਿਚ ਲੋਕਾਂ ਨੇ ਭਾਰੀ-ਭਰਕਮ ਕਰਜ਼ੇ ਲੈਂਦਿਆਂ ਮਕਾਨ ਖਰੀਦ ਲਏ ਪਰ ਹੁਣ ਕਿਸ਼ਤਾਂ ਮੋੜੀਆਂ ਨਹੀਂ ਜਾ ਰਹੀਆਂ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਇਕ ਬ੍ਰੋਕਰ ਨੇ ਦੱਸਿਆ ਕਿ ਕਈ ਪਾਸਿਆਂ ਤੋਂ ਪੈ ਰਿਹਾ ਦਬਾਅ ਬਰੈਂਪਟਨ ਦੇ ਹਾਲਾਤ ਬਦਤਰ ਕਰ ਰਿਹਾ ਹੈ। ਬ੍ਰੋਕਰ ਦਾ ਇਸ਼ਾਰਾ ਉਚੀਆਂ ਵਿਆਜ ਦਰਾਂ, ਘਰਾਂ ਦੀਆਂ ਕੀਮਤਾਂ ਵਿਚ ਕਮੀ ਅਤੇ ਰੁਜ਼ਗਾਰ ਖੇਤਰ ਦੇ ਡਾਵਾਂਡੋਲ ਹਾਲਾਤ ਵੱਲ ਸੀ। 2025 ਦੀ ਅੰਤਮ ਤਿਮਾਹੀ ਦੌਰਾਨ ਬਰੈਂਪਟਨ ਵਿਖੇ ਕਿਸ਼ਤਾਂ ਟੁੱਟਣ ਦੀ ਦਰ 0.6 ਫ਼ੀਸਦੀ ਦਰਜ ਕੀਤੀ ਗਈ ਜਦਕਿ ਕੌਮੀ ਪੱਧਰ ’ਤੇ ਇਹ ਅੰਕੜਾ 0.3 ਫ਼ੀਸਦੀ ਬਣਦਾ ਹੈ। 2019 ਦੀ ਅੰਤਮ ਤਿਮਾਹੀ ਦੌਰਾਨ ਬਰੈਂਪਟਨ ਵਿਚ ਕਿਸ਼ਤਾਂ ਟੁੱਟਣ ਦੀ ਦਰ 0.06 ਫ਼ੀਸਦੀ ਰਹੀ ਜਦਕਿ ਕੌਮੀ ਪੱਧਰ ਦਾ ਅੰਕੜਾ ਤਿੰਨ ਗੁਣਾ ਵੱਧ 0.18 ਫ਼ੀਸਦੀ ਦਰਜ ਕੀਤਾ ਗਿਆ। 

ਕੈਨੇਡਾ ਵਿਚ ਘਰ ਲਈ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਦੀ ਸਭ ਤੋਂ ਤੇਜ਼ ਰਫ਼ਤਾਰ ਬਰੈਂਪਟਨ ਵਿਖੇ ਸਾਹਮਣੇ ਆ ਰਹੀ ਹੈ ਪਰ ਟੋਰਾਂਟੋ, ਮਾਰਖਮ, ਔਸ਼ਵਾ ਅਤੇ ਵੈਨਕੂਵਰ ਵੀ ਜ਼ਿਆਦਾ ਪਿੱਛੇ ਨਹੀਂ। ਕਈ ਸ਼ਹਿਰਾਂ ਵਿਚ ਕਿਸ਼ਤਾਂ ਟੁੱਟਣ ਦੀ ਰਫ਼ਤਾਰ 2022 ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ ਜਿਨ੍ਹਾਂ ਵਿਚ ਔਟਵਾ, ਕਿੰਗਸਟਨ, ਹੈਮਿਲਟਨ, ਕਿਚਨਰ, ਲੰਡਨ, ਵਿੰਡਸਰ, ਸੇਂਟ ਕੈਥਰੀਨਜ਼ ਅਤੇ ਬੈਰੀ ਸ਼ਾਮਲ ਹਨ। ਕੈਨੇਡਾ ਦੇ ਬੈਂਕਿੰਗ ਨਿਗਰਾਨ ਵੱਲੋਂ ਸੁਚੇਤ ਕੀਤਾ ਗਿਆ ਹੈ ਕਿ ਮੌਰਗੇਜ ਨਵਿਆਉਣ ਦੀ ਪ੍ਰਕਿਰਿਆ ਦੌਰਾਨ ਡਿਫ਼ਾਲਟਰਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹੈਰਾਨਕੁੰਨ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਜਿਥੇ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਕਿਸ਼ਤਾਂ ਟੁੱਟਣ ਦੀ ਰਫ਼ਤਾਰ ਸਥਿਰ ਹੈ ਜਾਂ ਘਟ ਰਹੀ ਹੈ, ਉਥੇ ਹੀ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਤੇਜ਼ੀ ਨਾਲ ਉਪਰ ਵੱਲ ਜਾ ਰਹੀ ਹੈ। ਚੇਤੇ ਰਹੇ ਕਿ ਕੋਰੋਨਾ ਮਹਾਮਾਰੀ ਮਗਰੋਂ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਵਿਚ ਲਗਾਤਾਰ ਕਟੌਤੀ ਕੀਤੀ ਪਰ ਕੁਝ ਵਰ੍ਹੇ ਬਾਅਦ ਮਹਿੰਗਾਈ ਕਾਬੂ ਹੇਠ ਲਿਆਉਣ ਲਈ ਵਿਆਜ ਦਰਾਂ ਵਿਚ ਮੁੜ ਵਾਧਾ ਸ਼ੁਰੂ ਹੋ ਗਿਆ ਅਤੇ ਮੋਟਾ ਕਰਜ਼ਾ ਲੈ ਕੇ ਮਕਾਨ ਖਰੀਦਣ ਵਾਲੇ ਕਸੂਤੇ ਫਸ ਗਏ।

ਹੁਣ ਆਰਥਿਕ ਮਾਹਰਾਂ ਵੱਲੋਂ ਵਿਆਜ ਦਰਾਂ ਮੁੜ ਵਧਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਜਿਸ ਨਾਲ ਘਰ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਅੰਕੜੇ ਦਰਸਾਉਂਦੇ ਹਨ ਕਿ ਮਹਿੰਗੇ ਘਰ ਖਰੀਦਣ ਵਾਲਿਆਂ ਦੀਆਂ ਕਿਸ਼ਤਾਂ ਜ਼ਿਆਦਾ ਟੁੱਟ ਰਹੀਆਂ ਹਨ। ਮਿਸਾਲ ਵਜੋਂ 8 ਲੱਖ ਡਾਲਰ ਤੋਂ 10 ਲੱਖ ਡਾਲਰ ਤੱਕ ਦੇ ਮੌਰਗੇਜ ਵਿਚ ਕਿਸ਼ਤਾਂ ਟੁੱਟਣ ਦੀ ਦਰ 1.13 ਫ਼ੀਸਦੀ ਹੈ ਪਰ 3 ਲੱਖ ਡਾਲਰ ਜਾਂ ਇਸ ਤੋਂ ਘੱਟ ਰਕਮ ਵਾਲੇ ਕਰਜ਼ੇ ’ਤੇ ਕਿਸ਼ਤਾਂ ਟੁੱਟਣ ਦੀ ਦਰ ਮਹਿਜ਼ 0.2 ਫ਼ੀਸਦੀ ਦਰਜ ਕੀਤੀ ਗਈ। ਦੂਜੇ ਪਾਸੇ ਕਿਸ਼ਤਾਂ ਟੁੱਟਣ ਦੇ ਕਾਰਨਾਂ ਵਿਚ ਤਿੰਨ-ਤਿੰਨ ਪੁਸ਼ਤਾਂ ਦਾ ਇਕੱਠੇ ਰਹਿਣ ਨੂੰ ਗਿਣਿਆ ਜਾ ਰਿਹਾ ਹੈ। ਬਰੈਂਪਟਨ ਵਿਖੇ 14.3 ਫ਼ੀਸਦੀ ਪਰਿਵਾਰ ਦੀਆਂ ਤਿੰਨ ਪੁਸ਼ਤਾਂ ਇਕੱਠੀਆਂ ਰਹਿ ਰਹੀਆਂ ਹਨ ਜਦਕਿ ਕੌਮੀ ਪੱਧਰ ’ਤੇ ਇਹ ਅੰਕੜਾ 2.9 ਫ਼ੀਸਦੀ ਬਣਦਾ ਹੈ। ਬ੍ਰੋਕਰ ਦਾ ਕਹਿਣਾ ਸੀ ਕਿ ਅਜਿਹੇ ਪਰਿਵਾਰਾਂ ਦਾ ਰੋਜ਼ਾਨਾ ਖਰਚਾ ਹੋਰਨਾਂ ਦੇ ਮੁਕਾਬਲੇ ਵੱਧ ਬਣਦਾ ਹੈ ਅਤੇ ਜਦੋਂ ਮੌਰਗੇਜ ਕਿਸ਼ਤ ਵਧ ਜਾਂਦੀ ਹੈ ਤਾਂ ਆਰਥਿਕ ਹਾਲਾਤ ਉਲਝ ਜਾਂਦੇ ਹਨ। ਇਸ ਵੇਲੇ ਬਰੈਂਪਟਨ ਦੇ ਹਰ 20 ਘਰਾਂ ਪਿੱਛੇ ਇਕ ਵਿਕਰੀ ਸੂਚੀ ਵਿਚ ਸ਼ਾਮਲ ਹੈ ਜਦਕਿ ਓਂਟਾਰੀਓ ਦੇ ਬਾਕੀ ਹਿੱਸਿਆ ਵਿਚ ਇਹ ਅੰਕੜਾ 50 ਘਰਾਂ ਪਿੱਛੇ ਇਕ ਬਣਦਾ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਬਰੈਂਪਟਨ ਵਿਖੇ 14 ਮਕਾਨ ਪਾਵਰ ਆਫ਼ ਸੇਲ ਅਧੀਨ ਵੇਚੇ ਗਏ ਜਦਕਿ ਪਿਛਲੇ ਸਾਲ 43 ਮਕਾਨ ਪਾਵਰ ਆਫ਼ ਸੇਲ ਅਧੀਨ ਵੇਚੇ ਗਏ। ਮਿਸੀਸਾਗਾ ਵਿਖੇ ਇਹ ਅੰਕੜਾ ਅੱਧ ਤੋਂ ਵੀ ਘੱਟ ਬਣਦਾ ਹੈ।

2004 ਤੋਂ ਬਾਅਦ ਘਰਾਂ ਦੀਆਂ ਕੀਮਤਾਂ ‘ਚ 265 ਫ਼ੀਸਦੀ ਦਾ ਵਾਧਾ

ਪਿਛਲੇ 20 ਸਾਲਾਂ ਵਿਚ ਘਰਾਂ ਦੀ ਕੀਮਤ ਲਗਭਗ 265 ਫ਼ੀਸਦੀ ਵਧੀ ਹੈ ਪਰ ਦੋ ਜੀਆਂ ਦੀ ਤਨਖਾਹ ਵਾਲ ਪਰਿਵਾਰ ਦੀ ਆਮਦਨ ਸਿਰਫ 76 ਫ਼ੀਸਦੀ ਵਧੀ ਹੈ। ਘਰਾਂ ਦੀਆਂ ਕੀਮਤਾਂ ਵਿਚ ਤੇਜ਼ ਵਾਧਾ ਅਤੇ ਆਮਦਨ ਦੇ ਹੌਲੀ ਵਧਣ ਕਾਰਨ ਕੈਨੇਡਾ ਦੇ ਘਰੇਲੂ ਪਰਿਵਾਰ ਹੋਰ ਦੇਸ਼ਾਂ ਦੇ ਮੁਕਾਬਲੇ ਕਾਫੀ ਮੁਸ਼ਕਲ ਹਾਲਾਤ ਵਿਚ ਆ ਗਏ ਹਨ।

Leave a Reply

Your email address will not be published. Required fields are marked *