ਪੰਜਾਬ ਵਿਚ ਗਰਮੀ ਨੇ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਸੂਬੇ ਵਿਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਪਾਰ ਪੁੱਜ ਗਈ ਹੈ। ਇਥੇ ਦੱਸਣਯੋਗ ਹੈ ਕਿ ਵੱਧ ਰਹੀ ਗਰਮੀ ਦਰਮਿਆਨ ਸੂਬੇ ਵਿਚ ਏ. ਸੀ. ਚੱਲਣ ਨਾਲ ਲੋਡ ਵਿਚ ਹੀ ਨਹੀਂ ਵਾਧਾ ਹੋਇਆ ਸਗੋਂ ਹੁਣ ਗਰਮੀ ਦੇ ਪ੍ਰਕੋਪ ਨੂੰ ਵੇਖਦੇ ਹੋਏ ਸੂਬੇ ਵਿਚ ਕੂਲਰਾਂ, ਪੱਖਿਆਂ ਦੀ ਮੰਗ ਵਿਚ ਤੇਜ਼ੀ ਆਈ ਹੈ। ਕੁਝ ਦਿਨ ਪਹਿਲਾਂ ਜਦੋਂ ਬਾਰਿਸ਼ਾਂ ਪੈਣ ਕਰਕੇ ਅਤੇ ਪਹਾੜਾਂ ਵਿਚ ਪਈ ਬਰਫ਼ ਕਰਕੇ ਬਿਜਲੀ ਦੀ ਮੰਗ 7000 ਮੈਗਾਵਾਟ ਦੇ ਕਰੀਬ ਹੀ ਰਹੀ ਸੀ ਪਰ ਹੁਣ ਕੁਝ ਦਿਨਾਂ ਤੋਂ ਗਰਮੀ ਨੇ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਮੌਸਮ ਮਾਹਿਰਾਂ ਨੇ ਇਸ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਅਪ੍ਰੈਲ ਦੇ ਤੀਜੇ ਹਫ਼ਤੇ ਤੋਂ ਲੈ ਕੇ ਜੂਨ ਤੱਕ ਗਰਮੀ ਆਪਣਾ ਪ੍ਰਕੋਪ ਦਿਖਾਏਗੀ ਤੇ ਇਸ ਨਾਲ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ। ਚਾਹੇ ਇਸ ਵੇਲੇ ਸੂਬੇ ਵਿਚ ਗਰਮੀ ਦੇ ਪ੍ਰਕੋਪ ਨਾਲ ਲੋਕਾਂ ਵਿਚ ਹਾਹਾਕਾਰ ਹੈ ਪਰ ਨਿਰਵਿਘਨ ਬਿਜਲੀ ਸਪਲਾਈ ਲਈ ਸਾਂਭ-ਸੰਭਾਲ ਦਾ ਕੰਮ ਵੀ ਜ਼ਰੂਰੀ ਸਮਝਿਆ ਜਾ ਰਿਹਾ ਹੈ ਜਿਸ ਕਰਕੇ ਪਾਵਰਕਾਮ ਨੂੰ ਨਾਲੋ-ਨਾਲ ਸੰਭਾਲ ਦਾ ਕੰਮ ਕਰਨਾ ਪੈਂਦਾ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ‘ਚ ਵਧ ਰਹੀ ਗਰਮੀ ਕਾਰਨ ਬਿਜਲੀ ਦੇ ਲੰਬੇ ਪਾਵਰ ਕੱਟ ਵੀ ਲੱਗਣੇ ਸ਼ੁਰੂ ਹੋ ਚੁੱਕੇ ਹਨ। ਲੋਕਾਂ ਨੂੰ ਅਗਲੇ 5 ਦਿਨਾਂ ਤੱਕ ਭਾਰੀ ਬਿਜਲੀ ਕੱਟਾਂ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕਾਮ (PSPCL) ਵੱਲੋਂ ਜਾਰੀ ਕੀਤੇ ਗਏ ਜਨਤਕ ਨੋਟਿਸ ਅਨੁਸਾਰ ਜ਼ਿਆਦਾਤਰ ਜ਼ਿਲ੍ਹਿਆਂ ‘ਚ 21 ਅਪ੍ਰੈਲ ਤੋਂ 26 ਅਪ੍ਰੈਲ ਤੱਕ ਰੋਜ਼ਾਨਾ 8 ਤੋਂ 10 ਘੰਟੇ ਤੱਕ ਬਿਜਲੀ ਕੱਟ ਲੱਗਣ ਦੀ ਸੰਭਾਵਨਾ ਹੈ। ਇਸ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਅਤੇ ਮੋਹਾਲੀ ਵਰਗੇ ਸ਼ਹਿਰ ਸ਼ਾਮਲ ਹਨ। ਪਾਵਰਕਾਮ ਦਾ ਕਹਿਣਾ ਹੈ ਕਿ ਇਹ ਕੱਟ ਰੱਖ-ਰਖਾਅ (ਮੈਂਟੇਨੈਂਸ) ਦੇ ਕੰਮਾਂ ਕਰਕੇ ਲਗਾਏ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਸਪਲਾਈ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ। ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਹਾਹਾਕਾਰ ਮਚ ਗਈ ਹੈ। ਬੀਤੇ ਦਿਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸੂਬੇ ਦੇ ਕੁਝ ਚੋਣਵੇਂ ਮੀਡੀਆ ਵਿਚ ਬੇਹੱਦ ਬਰੀਕ ਅੱਖਰਾਂ ਵਿਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਕੇ ਬਿਜਲੀ ਖ਼ਪਤਕਾਰਾਂ ਨੂੰ ਬਿਜਲੀ ਕੱਟਾਂ ਦੀ ਸੂਚਨਾ ਦਿੱਤੀ ਸੀ।
ਪੰਜਾਬ ਵਿਚ ਲੰਬੇ ਸਮੇਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਗਰਮੀ ਦੀ ਸ਼ੁਰੂਆਤ ਦੇ ਸਮੇਂ ਵਿਚ ਹੀ ਬਿਜਲੀ ਕੱਟ ਲੱਗਣ ਲੱਗ ਪਏ ਹਨ ਅਤੇ ਅਧਿਕਾਰਤ ਤੌਰ ’ਤੇ ਪਾਵਰਕਾਮ ਨੇ ਇਹ ਗੱਲ ਪ੍ਰਵਾਨ ਵੀ ਕੀਤੀ ਹੈ ਕਿ ਉਹ ਬਿਜਲੀ ਕੱਟ ਲਗਾ ਰਿਹਾ ਹੈ। ਇਹ ਕੱਟ ਉਦੋਂ ਲੱਗ ਰਹੇ ਹਨ ਜਦੋਂ ਕਿ ਸੂਬੇ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਦੇ ਨੇੜੇ ਵੀ ਨਹੀਂ ਹੈ। ਇਹ ਸੀਜ਼ਨ ਜੂਨ ਦੇ ਅੱਧ ਵਿਚ ਸ਼ੁਰੂ ਹੁੰਦਾ ਹੈ। ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਲੋਕਾਂ ਵੱਲੋਂ ਬਿਜਲੀ ਕੱਟਾਂ ਦਾ ਪੁਰਜ਼ੋਰ ਕਰਨ ਦੀਆਂ ਵੀ ਰਿਪੋਰਟਾਂ ਹਨ।
ਦੂਜੇ ਪਾਸੇ ਬਿਜਲੀ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ 5 ਜੁਲਾਈ ਬਿਜਲੀ ਦੀ ਮੰਗ 17233 ਮੈਗਾਵਾਟ ਰਹੀ ਸੀ ਜੋ ਐਤਕੀਂ 18 ਹਜ਼ਾਰ ਮੈਗਾਵਾਟ ਟੱਪਣ ਦੀ ਸੰਭਾਵਨਾ ਹੈ। ਇਸਦੇ ਮੱਦੇਨਜ਼ਰ ਸੰਭਵ ਹੈ ਕਿ ਬਿਜਲੀ ਕੱਟਾਂ ਵਿਚ ਹੋਰ ਵਾਧਾ ਹੋਵੇ। ਇਸ ਵਾਰ ਮੌਸਮ ਵਿਗਿਆਨੀਆਂ ਨੇ ਗਰਮੀ ਵਿਚ ਵੀ ਚੋਖੇ ਵਾਧੇ ਦਾ ਖਦਸ਼ਾ ਪ੍ਰਗਟਾਇਆ ਹੈ, ਅਜਿਹੇ ਵਿਚ ਬਿਜਲੀ ਕੱਟ ਲੋਕਾਂ ਲਈ ਹੋਰ ਮਾਰੂ ਸਾਬਤ ਹੋ ਸਕਦੇ ਹਨ। ਅੱਜ ਦੇ ਅੰਕੜਿਆਂ ਮੁਤਾਬਕ ਪਾਵਰਕਾਮ ਨੇ ਅੱਜ 1900 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਹੈ, ਜਿਸ ਵਿਚੋਂ 865 ਲੱਖ ਯੂਨਿਟ ਥਰਮਲ ਪਲਾਂਟਾਂ ਤੋਂ 780 ਲੱਖ ਯੂਨਿਟ ਕੇਂਦਰੀ ਪੂਲ ਵਿਚੋਂ ਪ੍ਰਾਪਤ ਹੋਈ ਹੈ।
ਡੈਮਾਂ ਦੀ ਗੱਲ ਕਰੀਏ ਤਾਂ ਭਾਖੜਾ ਵਿਚ ਇਸ ਵੇਲੇ 1596.04 ਫੁੱਟ ਪਾਣੀ ਹੈ ਜਦੋਂ ਕਿ ਪਿਛਲੇ 1557 ਫੁੱਟ ਪਾਣੀ ਸੀ। ਇਸੇ ਤਰੀਕੇ ਪੌਂਗ ਡੈਮ ਵਿਚ 1335.23 ਫੁੱਟ ਪਾਣੀ ਹੈ ਜਦੋਂ ਕਿ ਪਿਛਲੇ ਸਾਲ 1293.70 ਫੁੱਟ ਪਾਣੀ ਸੀ ਅਤੇ ਰਣਜੀਤ ਸਾਗਰ ਡੈਮ ਵਿਚ 518.4 ਮੀਟਰ ਪਾਣੀ ਹੈ ਜਦੋਂ ਕਿ ਪਿਛਲੇ ਸਾਲ ਇਹ 498.9 ਮੀਟਰ ਸੀ। ਕੋਲਾ ਭੰਡਾਰ ਦੀ ਗੱਲ ਕਰੀਏ ਤਾਂ ਇਸ ਵੇਲੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਵਿਚ 28 ਦਿਨ, ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਚ 36 ਦਿਨ, ਗੋਇੰਦਵਾਲ ਸਾਹਿਬ ਪਲਾਂਟ ਵਿਚ 25 ਦਿਨ, ਰਾਜਪੁਰਾ ਵਿਚ 27 ਦਿਨ ਅਤੇ ਤਲਵੰਡੀ ਸਾਬੋ ਵਿਚ 17 ਦਿਨਾਂ ਦਾ ਕੋਲਾ ਬਾਕੀ ਹੈ।