ਪੰਜਾਬ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ। ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਵਿੱਚ ਪੈ ਰਹੀ ਤਿੱਖੀ ਗਰਮੀ ਅਤੇ ਲੂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ ਪਰ ਹੁਣ ਮੌਸਮ ‘ਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ‘ਚ ਅਗਲੇ ਪੰਜ ਦਿਨਾਂ ਦੌਰਾਨ ਮੌਸਮ ‘ਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਲਈ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਮੁਤਾਬਕ 29 ਅਤੇ 30 ਮਈ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਖ਼ੁਸ਼ਨੁਮਾ ਹੋ ਸਕਦਾ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 31 ਮਈ ਤਕ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਜਿਵੇਂ ਕਿ ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ‘ਗੰਭੀਰ ਲੂ’ ਦੀ ਸਥਿਤੀ ਬਣੀ ਹੋਈ ਹੈ। ਵਿਭਾਗ ਨੇ ਇਨ੍ਹਾਂ ਇਲਾਕਿਆਂ ਲਈ ‘ਯੈਲੋ’ ਅਤੇ ‘ਓਰੇਂਜ’ ਅਲਰਟ ਜਾਰੀ ਕੀਤਾ ਹੈ। 28 ਮਈ ਨੂੰ ਮੌਸਮ ਵਿਚ ਬਦਲਾਅ ਵੇਖਣ ਆਵੇਗਾ ਅਤੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਰ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਮੁਤਾਬਕ 29 ਮਈ ਦਾ ਦਿਨ ਸਭ ਤੋਂ ਨਾਜ਼ੁਕ ਹੋ ਸਕਦਾ ਹੈ। ਮੌਸਮ ਵਿਭਾਗ ਨੇ ਪਠਾਨਕੋਟ, ਰੂਪਨਗਰ, ਮੋਹਾਲੀ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਇਥੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ, ਗੜੇਮਾਰੀ ਅਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਬਾਕੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ‘ਓਰੇਂਜ ਅਲਰਟ’ ਰਹੇਗਾ।