ਪਨੀਰ ਅਸਲੀ ਹੈ ਜਾਂ ਨਕਲੀ ਕਿਵੇਂ ਕਰੀਏ ਚੈੱਕ, ਇਹ ਰਹੇ 5 ਆਸਾਨ ਤਰੀਕੇ

ਭਾਰਤੀ ਰਸੋਈ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਣ ਵਾਲਾ ਪਨੀਰ ਹੁਣ ਮਿਲਾਵਟ ਦਾ ਸ਼ਿਕਾਰ ਹੋ ਰਿਹਾ ਹੈ। ਬਾਜ਼ਾਰਾਂ ‘ਚ ਨਕਲੀ ਤੇ ਮਿਲਾਵਟੀ ਪਨੀਰ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਪੈਦਾ ਹੋ ਗਈ ਹੈ। ਸਿਹਤ ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਨਕਲੀ ਪਨੀਰ ਨਾ ਸਿਰਫ਼ ਸਵਾਦ ਖਰਾਬ ਕਰਦਾ ਹੈ, ਸਗੋਂ ਸਰੀਰ ਲਈ ਹਾਨੀਕਾਰਕ ਰਸਾਇਣ ਵੀ ਸ਼ਾਮਲ ਕਰ ਸਕਦਾ ਹੈ।

ਹੇਠਾਂ ਦਿੱਤੇ ਕੁਝ ਆਸਾਨ ਘਰੇਲੂ ਤਰੀਕੇ ਨਾਲ ਤੁਸੀਂ ਅਸਲੀ ਤੇ ਨਕਲੀ ਪਨੀਰ ਦੀ ਪਹਿਚਾਣ ਕਰ ਸਕਦੇ ਹੋ:-

1. ਬਣਾਵਟ ਤੇ ਛੂਹ ਕੇ ਕਰੋ ਪਛਾਣੋ

ਅਸਲੀ ਪਨੀਰ ਨਰਮ, ਮੁਲਾਇਮ ਅਤੇ ਥੋੜ੍ਹਾ ਭੁਰਭੁਰਾ ਹੁੰਦਾ ਹੈ। ਅਸਲੀ ਪਨੀਰ ਹੱਥ ਨਾਲ ਮਲਣ ਤੇ ਨਰਮ ਰਹੇਗਾ, ਨਕਲੀ ਪਨੀਰ ਚਿਪਚਿਪਾ ਅਤੇ ਰੱਬੜੀ ਹੋ ਸਕਦਾ ਹੈ।

2. ਸੁਗੰਧ ਤੇ ਸਵਾਦ ਨਾਲ ਕਰੋ ਜਾਂਚ

ਅਸਲੀ ਪਨੀਰ ‘ਚ ਹਲਕੀ ਦੁੱਧ ਵਰਗੀ ਸੁਗੰਧ ਤੇ ਮਿੱਠਾ ਸਵਾਦ ਹੁੰਦਾ ਹੈ। ਜੇਕਰ ਪਨੀਰ ‘ਚ ਸਾਬਣ, ਡਿਟਰਜੈਂਟ ਜਾਂ ਰਸਾਇਣ ਵਰਗੀ ਤਿੱਖੀ ਗੰਧ ਆਵੇ, ਤਾਂ ਇਹ ਨਕਲੀ ਹੋ ਸਕਦਾ ਹੈ। ਇਸ ਦਾ ਸਵਾਦ ਵੀ ਖੱਟਾ ਹੋਵੇਗਾ।

3. ਗਰਮ ਪਾਣੀ ਟੈਸਟ

ਪਨੀਰ ਦਾ ਟੁਕੜਾ ਗਰਮ ਪਾਣੀ ‘ਚ ਪਾਓ। ਅਸਲੀ ਪਨੀਰ ਆਪਣਾ ਆਕਾਰ ਕਾਇਮ ਰੱਖੇਗਾ, ਸਿਰਫ਼ ਕੁਝ ਨਰਮ ਹੋਵੇਗਾ। ਨਕਲੀ ਪਨੀਰ ਪਾਣੀ ‘ਚ ਟੁੱਟਣ ਜਾਂ ਚਿਪਚਿਪਾ ਪਦਾਰਥ ਛੱਡਣ ਲੱਗੇਗਾ।

4. ਆਈਓਡਿਨ ਟੈਸਟ 

ਪਨੀਰ ਦਾ ਟੁਕੜਾ ਉਬਾਲ ਕੇ ਠੰਡਾ ਕਰੋ ਅਤੇ ਉਸ ‘ਤੇ ਆਈਓਡਿਨ ਦੀ ਕੁਝ ਬੂੰਦਾਂ ਪਾਓ। ਜੇ ਰੰਗ ਨੀਲਾ ਜਾਂ ਕਾਲਾ ਹੋ ਜਾਵੇ, ਤਾਂ ਇਸ ਦਾ ਮਤਲਬ ਹੈ ਕਿ ਇਸ ‘ਚ ਸਟਾਰਚ ਦੀ ਮਿਲਾਵਟ ਹੈ। ਅਸਲੀ ਪਨੀਰ ਦਾ ਰੰਗ ਨਹੀਂ ਬਦਲੇਗਾ।

5. ਪੈਕ ਕੀਤੇ ਪਨੀਰ ਤੇ FSSAI ਮਾਰਕ ਦੇਖੋ

ਜੇ ਤੁਸੀਂ ਪੈਕ ਕੀਤਾ ਪਨੀਰ ਖਰੀਦ ਰਹੇ ਹੋ, ਤਾਂ ਹਮੇਸ਼ਾਂ FSSAI ਮਾਰਕ ਦੀ ਜਾਂਚ ਕਰੋ। ਸਿਰਫ਼ ਦੁੱਧ ਅਤੇ ਨਿੰਬੂ ਦਾ ਰਸ ਜਾਂ ਸਿਰਕਾ ਵਰਗੇ ਕੁਦਰਤੀ ਕੋਇਗੁਲੇਟ ਹੀ ਸ਼ੁੱਧ ਪਨੀਰ ‘ਚ ਵਰਤੇ ਜਾਂਦੇ ਹਨ।

ਸਿਹਤ ਨਾਲ ਸਮਝੌਤਾ ਨਾ ਕਰੋ

ਨਕਲੀ ਪਨੀਰ ‘ਚ ਮੌਜੂਦ ਰਸਾਇਣ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਪਨੀਰ ਖਰੀਦਦਿਆਂ ਸਾਵਧਾਨ ਰਹੋ ਤੇ ਉਪਰੋਕਤ ਤਰੀਕਿਆਂ ਨਾਲ ਉਸ ਦੀ ਗੁਣਵੱਤਾ ਦੀ ਜਾਂਚ ਜ਼ਰੂਰ ਕਰੋ, ਤਾਂ ਜੋ ਤੁਹਾਡੀ ਥਾਲੀ ‘ਚ ਸਿਰਫ਼ ਸ਼ੁੱਧ ਤੇ ਸਿਹਤਮੰਦ ਪਨੀਰ ਹੀ ਪਹੁੰਚੇ।

Leave a Reply

Your email address will not be published. Required fields are marked *