ਸਮਝੌਤਾ ਹੁੰਦੇ ਹੀ ਟਰੰਪ ਦਾ ਵੱਡਾ ‘ਯੂ-ਟਰਨ’! ਈਰਾਨ ਨੂੰ ਮਿਜ਼ਾਈਲਾਂ ਰੱਖਣ ਦੀ ਦਿੱਤੀ ਇਜਾਜ਼ਤ

ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਇਤਿਹਾਸਕ ਸਮਝੌਤੇ (MoU) ਤੋਂ ਤੁਰੰਤ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤੇਵਰ ਬਦਲੇ ਹੋਏ ਨਜ਼ਰ ਆ ਰਹੇ ਹਨ। ਜਿਸ ਈਰਾਨੀ ਮਿਜ਼ਾਈਲ ਪ੍ਰੋਗਰਾਮ ਨੂੰ ਟਰੰਪ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਸਨ, ਹੁਣ ਉਨ੍ਹਾਂ ਨੇ ਉਸੇ ਬਾਰੇ ਯੂ-ਟਰਨ ਲੈਂਦਿਆਂ ਕਿਹਾ ਹੈ ਕਿ ਈਰਾਨ ਨੂੰ ਕੁਝ ਬੈਲਿਸਟਿਕ ਮਿਜ਼ਾਈਲਾਂ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਜੀ-7 ਸੰਮੇਲਨ ਦੌਰਾਨ ਫਰਾਂਸ ਵਿੱਚ ਇਸ ਫੈਸਲੇ ਦਾ ਬਚਾਅ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਸਾਊਦੀ ਅਰਬ ਅਤੇ ਕਤਰ ਵਰਗੇ ਦੇਸ਼ਾਂ ਕੋਲ ਮਿਜ਼ਾਈਲਾਂ ਹੋ ਸਕਦੀਆਂ ਹਨ, ਤਾਂ ਈਰਾਨ ਨੂੰ ਵੀ ਅਨੁਪਾਤ ਵਿੱਚ ਕੁਝ ਮਿਜ਼ਾਈਲਾਂ ਰੱਖਣ ਦੀ ਛੂਟ ਮਿਲਣੀ ਚਾਹੀਦੀ ਹੈ। ਉਨ੍ਹਾਂ ਤਰਕ ਦਿੱਤਾ ਕਿ ਮਿਜ਼ਾਈਲਾਂ ਸਿਰਫ਼ ਇੱਕ ਜਗ੍ਹਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਜਦਕਿ ਪਰਮਾਣੂ ਹਥਿਆਰ ਪੂਰੀ ਦੁਨੀਆ ਨੂੰ ਤਬਾਹ ਕਰ ਸਕਦੇ ਹਨ।

ਟਰੰਪ ਨੇ ਖੁਲਾਸਾ ਕੀਤਾ ਕਿ ਜੇਕਰ ਇਹ ਸਮਝੌਤਾ ਨਾ ਹੁੰਦਾ ਤਾਂ ਅਮਰੀਕਾ ਨੂੰ ਤਿੰਨ-ਚਾਰ ਹਫ਼ਤੇ ਹੋਰ ਬੰਬਾਰੀ ਕਰਨੀ ਪੈਂਦੀ, ਜਿਸ ‘ਤੇ ਰੋਜ਼ਾਨਾ 500 ਤੋਂ 700 ਮਿਲੀਅਨ ਡਾਲਰ ਦਾ ਖਰਚ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਲਗਾਤਾਰ ਜੰਗ ਨਾਲ ਹੋਰਮੁਜ਼ ਸਟ੍ਰੇਟ ਹਮੇਸ਼ਾ ਲਈ ਬੰਦ ਹੋ ਸਕਦਾ ਸੀ, ਜਿਸ ਨਾਲ ਸੰਸਾਰਕ ਆਰਥਿਕਤਾ ਤਬਾਹ ਹੋ ਜਾਂਦੀ। ਇਸ ਲਈ ਸਮਝੌਤਾ ਕਰਨਾ ਆਰਥਿਕ ਪੱਖੋਂ ਜ਼ਰੂਰੀ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮਝੌਤੇ ਵਿੱਚ ਈਰਾਨ ਨੂੰ ਆਪਣਾ ਉੱਚ ਸੰਵਰਧਿਤ ਯੂਰੇਨੀਅਮ ਸਟਾਕ (ਜੋ 11 ਪਰਮਾਣੂ ਬੰਬ ਬਣਾਉਣ ਲਈ ਕਾਫੀ ਹੈ) ਸੌਂਪਣ ਲਈ ਨਹੀਂ ਕਿਹਾ ਗਿਆ। ਟਰੰਪ ਅਨੁਸਾਰ ਅਮਰੀਕਾ ਨੇ ਈਰਾਨ ਦੀਆਂ ਮੁੱਖ ਪਰਮਾਣੂ ਸਾਈਟਾਂ ਨੂੰ ਬੰਬਾਰੀ ਨਾਲ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਉਹ ਇਸ ਮਲਬੇ ਹੇਠ ਦਬੇ ਸਟਾਕ ਤੱਕ ਪਹੁੰਚ ਨਹੀਂ ਸਕਦੇ। ਇਸ ਮੁੱਦੇ ‘ਤੇ ਅਗਲੇ 60 ਦਿਨਾਂ ਵਿੱਚ ਸਵਿਟਜ਼ਰਲੈਂਡ ‘ਚ ਚਰਚਾ ਹੋਵੇਗੀ। ਇਸ ਦੇ ਨਾਲ ਹੀ ਟਰੰਪ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਇਹ ਸਮਝੌਤਾ ਉਦੋਂ ਤੱਕ ਹੀ ਹੈ ਜਦੋਂ ਤੱਕ ਈਰਾਨ ਇਸ ਦਾ ਪਾਲਣ ਕਰਦਾ ਹੈ। ਉਨ੍ਹਾਂ ਕਿਹਾ, “ਜੇਕਰ ਉਨ੍ਹਾਂ ਨੇ ਸ਼ਰਤਾਂ ਦੀ ਉਲੰਘਣਾ ਕੀਤੀ, ਤਾਂ ਅਸੀਂ ਉਨ੍ਹਾਂ ‘ਤੇ ਭਾਰੀ ਬੰਬਾਰੀ ਕਰਾਂਗੇ”। ਫਿਲਹਾਲ ਈਰਾਨ ਨੂੰ ਤੇਲ ਨਿਰਯਾਤ ਵਿੱਚ ਕੁਝ ਰਾਹਤ ਦਿੱਤੀ ਗਈ ਹੈ।

ਇਜ਼ਰਾਈਲ ਨਾਰਾਜ਼ ਜਿੱਥੇ ਟਰੰਪ ਇਸ ਨੂੰ ਆਪਣੀ ਕੂਟਨੀਤਕ ਜਿੱਤ ਦੱਸ ਰਹੇ ਹਨ, ਉੱਥੇ ਹੀ ਅਮਰੀਕਾ ਦਾ ਅਹਿਮ ਸਹਿਯੋਗੀ ਇਜ਼ਰਾਈਲ ਇਸ ਸਮਝੌਤੇ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਮਿਜ਼ਾਈਲਾਂ ਰੱਖਣ ਦੀ ਇਜਾਜ਼ਤ ਅਤੇ ਯੂਰੇਨੀਅਮ ‘ਤੇ ਨਰਮੀ ਨਾਲ ਮੱਧ ਪੂਰਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਆ ਸਕਦਾ ਹੈ।

Leave a Reply

Your email address will not be published. Required fields are marked *