ਅੱਤ ਦੀ ਗਰਮੀ ਵਿਚਾਲੇ ਬਿਜਲੀ ਖਪਤਕਾਰਾਂ ਲਈ ਨਵੀਂ ਮੁਸੀਬਤ, ਕਈ ਮੀਟਰਾਂ ਦੀਆਂ ਕੱਟੀਆਂ ਤਾਰਾਂ

ਅੱਤ ਦੀ ਗਰਮੀ ਵਿਚਾਲੇ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਨਿਊ ਸ਼ਿਵਾਜੀ ਨਗਰ ਦੀ ਗਲੀ ਨੰਬਰ 11, 12 ਅਤੇ 14 ’ਚ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਇਕ ਵਾਰ ਫਿਰ ਹੱਲਾ ਬੋਲਦੇ ਹੋਏ ਇਕੱਠੇ ਦਰਜਨਾਂ ਮੀਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ। ਇਸ ਵਾਰਦਾਤ ਕਾਰਨ ਇਲਾਕਾ ਨਿਵਾਸੀਆਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਲੋਕਾਂ ਨੂੰ ਭਿਆਨਕ ਗਰਮੀ ’ਚ ਲਗਾਤਾਰ ਕਈ ਘੰਟਿਆਂ ਤੱਕ ਬਿਜਲੀ ਅਤੇ ਪਾਣੀ ਦੀ ਭਾਰੀ ਕਿੱਲਤ ਨਾਲ ਜੂਝਣਾ ਪਿਆ। ਜਾਣਕਾਰੀ ਮੁਤਾਬਕ ਮੰਗਲਵਾਰ ਦੀ ਅੰਮ੍ਰਿਤ ਵੇਲੇ ਇਲਾਕੇ ’ਚ ਚੋਰ ਵੱਲੋਂ ਇਕ ਵੱਡੇ ਬਾਕਸ ’ਚ ਲੱਗੇ ਬਿਜਲੀ ਦੇ ਦੋ ਦਰਜਨ ਦੇ ਕਰੀਬ ਮੀਟਰਾਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਚੋਰੀ ਦੀ ਇਹ ਸਾਰੀ ਵਾਰਦਾਤ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਚੋਰ ਵੱਲੋਂ ਬੀਤੇ ਦਿਨੀਂ ਨਿਊ ਸ਼ਿਵਾਜੀ ਨਗਰ ’ਚ ਹੀ ਇਕ ਸਲੂਨ ਦੀ ਦੁਕਾਨ ਤੋਂ ਏ. ਸੀ. ਦਾ ਕੰਪ੍ਰੈਸ਼ਰ ਵੀ ਚੋਰੀ ਕੀਤਾ ਗਿਆ ਸੀ।

ਵਿਭਾਗੀ ਸੂਤਰਾਂ ਮੁਤਾਬਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨਸ਼ੇੜੀ ਨੌਜਵਾਨਾਂ ਦੇ ਕਈ ਗਿਰੋਹ ਸਰਗਰਮ ਹਨ। ਇਹ ਨਸ਼ੇ ਦੀ ਪੂਰਤੀ ਲਈ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਦੇ ਬਾਹਰ ਲੱਗੇ ਮੀਟਰਾਂ ਦੀਆਂ ਤਾਰਾਂ ਚੋਰੀ ਕਰਦੇ ਹਨ ਅਤੇ ਬਾਅਦ ’ਚ ਤਾਰਾਂ ਨੂੰ ਸਾੜ ਕੇ ਉਨ੍ਹਾਂ ’ਚੋਂ ਤਾਂਬਾ ਕੱਢ ਕੇ ਕਬਾੜੀਆਂ ਨੂੰ ਸਸਤੇ ਰੇਟਾਂ ’ਤੇ ਵੇਚ ਦਿੰਦੇ ਹਨ। ਚੋਰਾਂ ਦੇ ਇਸ ਗਿਰੋਹ ’ਚ ਸੜਕਾਂ ’ਤੇ ਕੂੜਾ ਚੁਗਣ ਵਾਲੇ ਕੁਝ ਸ਼ੱਕੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਬੱਸ ਅੱਡੇ ਦੇ ਨੇੜੇ ਪੈਂਦੇ ਮਾਡਲ ਗ੍ਰਾਮ ਅਤੇ ਸਰਾਭਾ ਨਗਰ ਦੇ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਕਾਫ਼ੀ ਸੇਵਾ ਕੀਤੀ ਸੀ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਇਲਾਕੇ ’ਚ ਬਿਜਲੀ ਸਪਲਾਈ ਬਹਾਲ ਕਰਨ ਤੇ ਮੀਟਰਾਂ ਦੀਆਂ ਨਵੀਆਂ ਤਾਰਾਂ ਪਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਪਾਵਰਕਾਮ ਵਿਭਾਗ ਵੱਲੋਂ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਚੋਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 

Leave a Reply

Your email address will not be published. Required fields are marked *