(ਲੋਕੇਸ਼ ਮਲਹੋਤਰਾ) ਤੇਜ਼ ਗਰਮੀ ਕਾਰਨ ਪਹਾੜਾਂ ’ਚ ਜੰਮੀ ਬਰਫ਼ ਪਿਘਲਣ ਨਾਲ ਦਰਿਆਵਾਂ ਵਿਚਲੇ ਪਾਣੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਦਰਿਆ ਬਿਆਸ ਦੇ ਪਾਣੀ ’ਚ ਵੀ ਵੱਡਾ ਇਜ਼ਾਫ਼ਾ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਅਨੁਸਾਰ ਪਿਛਲੇ 4 ਦਿਨਾਂ ਦੌਰਾਨ ਹੀ ਕਰੀਬ 10 ਹਜ਼ਾਰ ਕਿਊਸਿਕ ਪਾਣੀ ਦਾ ਵਾਧਾ ਹੋਣ ਦੀ ਪੁਸ਼ਟੀ ਹੋਈ ਹੈ। ਭਾਵੇਂ ਕਿ ਅਜੇ ਇਨ੍ਹਾਂ ਦਰਿਆਵਾਂ ’ਚ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ ਹੈ ਪਰ ਫਿਰ ਵੀ ਦਰਿਆ ਬਿਆਸ ਦੇ ਕੰਢੇ ’ਤੇ ਬੈਠੇ ਜ਼ਿਮੀਂਦਾਰਾਂ ਅਤੇ ਗੁੱਜਰ ਬਰਾਦਰੀ ਦੇ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਚੁੱਕਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੌਂਗ ਡੈਮ ’ਚ ਵੀ ਪਾਣੀ ਦਾ ਪੱਧਰ 20 ਫੁੱਟ ਤੋਂ ਵਧੇਰੇ ਉਚਾਈ ’ਤੇ ਜਾ ਚੁੱਕਾ ਹੈ। ਡੈਮ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਦਰਿਆਵਾਂ ’ਚ ਕਿਸੇ ਵੀ ਪਲ ਹੋਰ ਪਾਣੀ ਛੱਡਿਆ ਜਾ ਸਕਦਾ ਹੈ।
ਇਸ ਨਾਜ਼ੁਕ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ’ਚ ਇਕ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾ ਚੁੱਕਾ ਹੈ। ਇਹ ਕੰਟਰੋਲ ਰੂਮ 24 ਘੰਟੇ ਦਰਿਆ ਦੇ ਪਾਣੀ ਦੇ ਪੱਧਰ ਅਤੇ ਆਸ-ਪਾਸ ਦੇ ਹਾਲਾਤ ’ਤੇ ਤਿੱਖੀ ਨਜ਼ਰ ਰੱਖੇਗਾ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਦਾ ਤੁਰੰਤ ਸਾਹਮਣਾ ਕੀਤਾ ਜਾ ਸਕੇ।