ਬਾਲੀਵੁੱਡ ਦੇ ਸਟਾਰ ਅਦਾਕਾਰ ਰਣਵੀਰ ਸਿੰਘ ਦੀਆਂ ਮੁਸ਼ਕਿਲਾਂ ਵਿੱਚ ਵੱਡਾ ਵਾਧਾ ਹੋਇਆ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਰਣਵੀਰ ਸਿੰਘ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਫਿਲਮ ਇੰਡਸਟਰੀ ਤੋਂ ਬੈਨ ਕਰਨ ਦਾ ਹੁਕਮ ਦਿੱਤਾ ਹੈ। ਫੈਡਰੇਸ਼ਨ ਨੇ ਅਦਾਕਾਰ ਖ਼ਿਲਾਫ਼ ‘ਨਾਨ-ਕੋਆਪ੍ਰੇਸ਼ਨ ਡਾਇਰੈਕਟਿਵ’ (ਅਸਹਿਯੋਗ ਨਿਰਦੇਸ਼) ਜਾਰੀ ਕੀਤਾ ਹੈ, ਜਿਸਦਾ ਮਤਲਬ ਹੈ ਕਿ ਹੁਣ ਪੂਰੀ ਇੰਡਸਟਰੀ ਵਿੱਚ ਕੋਈ ਵੀ ਉਨ੍ਹਾਂ ਨਾਲ ਕੰਮ ਨਹੀਂ ਕਰ ਸਕੇਗਾ।
ਕੀ ਹੈ ਮਾਮਲਾ
ਇਸ ਸਖ਼ਤ ਫੈਸਲੇ ਦਾ ਮੁੱਖ ਕਾਰਨ ਫਰਹਾਨ ਅਖਤਰ ਦੀ ਆਉਣ ਵਾਲੀ ਮੈਗਾ-ਬਜਟ ਫਿਲਮ ‘ਡੌਨ 3’ ਨੂੰ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਅਚਾਨਕ ਛੱਡਣਾ ਦੱਸਿਆ ਜਾ ਰਿਹਾ ਹੈ। ਨਿਰਮਾਤਾ ਫਰਹਾਨ ਅਖਤਰ ਤੇ ਰਿਤੇਸ਼ ਸਿਧਵਾਨੀ ਨੇ ਦਾਅਵਾ ਕੀਤਾ ਹੈ ਕਿ ਰਣਵੀਰ ਨੇ ਸ਼ੂਟਿੰਗ ਤੋਂ ਮਹਿਜ਼ 10 ਦਿਨ ਪਹਿਲਾਂ ਫਿਲਮ ਛੱਡ ਦਿੱਤੀ, ਜਿਸ ਕਾਰਨ ਮੇਕਰਸ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ।
40 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ
ਰਿਪੋਰਟਾਂ ਅਨੁਸਾਰ ਫਰਹਾਨ ਅਖਤਰ ਨੇ ਇਸ ਨੁਕਸਾਨ ਦੀ ਭਰਪਾਈ ਲਈ ਰਣਵੀਰ ਸਿੰਘ ਤੋਂ 40 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਸੀ, ਜੋ ਕਿ ਅਦਾਕਾਰ ਨੇ ਅਜੇ ਤੱਕ ਨਹੀਂ ਭਰਿਆ ਹੈ। ਦੂਜੇ ਪਾਸੇ, ਰਣਵੀਰ ਸਿੰਘ ਦਾ ਕਹਿਣਾ ਹੈ ਕਿ ਫਰਹਾਨ ਅਖਤਰ ਵੱਲੋਂ ਪ੍ਰੋਜੈਕਟ ਵਿੱਚ ਕਾਫੀ ਦੇਰੀ ਹੋ ਰਹੀ ਸੀ ਅਤੇ ਉਹ ਫਿਲਮ ਦੀ ਸਕ੍ਰਿਪਟ ਤੋਂ ਵੀ ਸੰਤੁਸ਼ਟ ਨਹੀਂ ਸਨ।
ਅਦਾਕਾਰਾਂ ਦੇ ਰੁਝਾਨ ‘ਤੇ FWICE ਦੀ ਚਿੰਤਾ
FWICE ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਿਆ ਹੈ। ਉਨ੍ਹਾਂ ਨੇ ਅਦਾਕਾਰਾਂ ਦੇ ਉਸ ਰੁਝਾਨ ‘ਤੇ ਚਿੰਤਾ ਜ਼ਾਹਰ ਕੀਤੀ ਹੈ ਜਿੱਥੇ ਉਹ ਸ਼ੂਟਿੰਗ ਸ਼ੁਰੂ ਹੋਣ ਤੋਂ ਐਨ ਪਹਿਲਾਂ ਪ੍ਰੋਜੈਕਟ ਛੱਡ ਦਿੰਦੇ ਹਨ, ਜਿਸ ਨਾਲ ਪੂਰੀ ਟੀਮ ਅਤੇ ਨਿਰਮਾਤਾਵਾਂ ਦਾ ਨੁਕਸਾਨ ਹੁੰਦਾ ਹੈ। ਜ਼ਿਕਰਯੋਗ ਹੈ ਕਿ ਰਣਵੀਰ ਤੋਂ ਪਹਿਲਾਂ ਕਿਆਰਾ ਅਡਵਾਨੀ (ਗਰਭ ਅਵਸਥਾ ਕਾਰਨ) ਅਤੇ ਵਿਕਰਾਂਤ ਮੈਸੀ ਵੀ ਇਸ ਫਿਲਮ ਤੋਂ ਕਿਨਾਰਾ ਕਰ ਚੁੱਕੇ ਹਨ, ਪਰ ਵਿਵਾਦ ਰਣਵੀਰ ਦੇ ਅਚਾਨਕ ਜਾਣ ਕਾਰਨ ਵਧਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਣਵੀਰ ਸਿੰਘ ਇਸ ਬੈਨ ਤੋਂ ਬਾਅਦ ਇੰਡਸਟਰੀ ਵਿੱਚ ਵਾਪਸੀ ਲਈ ਕੀ ਕਦਮ ਚੁੱਕਦੇ ਹਨ।