ਭਿਆਨਕ ਰੇਲ ਹਾਦਸਾ! ਦੀਵਾਰ ਤੋੜ ਪਟਰੀ ਤੋਂ ਉਤਰੀ ਉਜੈਨੀ ਐਕਸਪ੍ਰੈੱਸ, ਮਚੀ ਹਾਹਾਕਾਰ

ਉਤਰਾਖੰਡ ਦੇ ਰਿਸ਼ੀਕੇਸ਼ ਤੋਂ ਇੱਕ ਵੱਡੇ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉਜੈਨੀ ਐਕਸਪ੍ਰੈੱਸ ਅਚਾਨਕ ਬੇਕਾਬੂ ਹੋ ਕੇ ਦੀਵਾਰ ਤੋੜਦੀ ਹੋਈ ਪਟਰੀ ਤੋਂ ਹੇਠਾਂ ਉਤਰ ਗਈ। ਇਹ ਹਾਦਸਾ ਯੋਗ ਨਗਰੀ ਰਿਸ਼ੀਕੇਸ਼ ਰੇਲਵੇ ਸਟੇਸ਼ਨ ਦੇ ਕੋਲ ਖਾਂਡ ਪਿੰਡ ਇਲਾਕੇ ਵਿੱਚ ਬੀਤੀ ਰਾਤ ਲਗਭਗ 9:30 ਵਜੇ ਵਾਪਰਿਆ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਰੇਲਵੇ ਵਿਭਾਗ ਅਨੁਸਾਰ, ਗੱਡੀ ਸੰਖਿਆ 14317 ਉਜੈਨੀ ਐਕਸਪ੍ਰੈੱਸ ਦੀ ਸਟੇਸ਼ਨ ਯਾਰਡ ਵਿੱਚ ਸ਼ੰਟਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਟ੍ਰੇਨ ਬੇਕਾਬੂ ਹੋ ਗਈ। ਇਸ ਹਾਦਸੇ ਵਿੱਚ ਟ੍ਰੇਨ ਦਾ ਇੰਜਣ ਅਤੇ ਤਿੰਨ ਡੱਬੇ ਪਟਰੀ ਤੋਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਟ੍ਰੇਨ ਨੇ ਸਵੇਰੇ 6 ਵਜੇ ਆਪਣੀ ਅਗਲੀ ਯਾਤਰਾ ਲਈ ਰਵਾਨਾ ਹੋਣਾ ਸੀ।

ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਟ੍ਰੇਨ ਪੂਰੀ ਤਰ੍ਹਾਂ ਖਾਲੀ ਸੀ ਅਤੇ ਇਸ ਵਿੱਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਰੇਲਵੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ। ਜੇਕਰ ਟ੍ਰੇਨ ਸਵਾਰੀਆਂ ਨਾਲ ਭਰੀ ਹੁੰਦੀ ਤਾਂ ਤਸਵੀਰ ਬੇਹੱਦ ਗੰਭੀਰ ਹੋ ਸਕਦੀ ਸੀ।

ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਹ ਹਾਦਸਾ ਬਰੇਕ ਸਿਸਟਮ ਵਿੱਚ ਆਈ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੋ ਸਕਦਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਆਰ.ਪੀ.ਐੱਫ. (RPF) ਅਤੇ ਰੇਲਵੇ ਦੀ ਤਕਨੀਕੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸੀਨੀਅਰ ਰੇਲਵੇ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *