CM ਸਣੇ 15 ਮੰਤਰੀ ਰੁਝਾਨਾਂ ‘ਚ ਪੱਛੜੇ ! TVK ਦੀ ਹਨੇਰੀ ‘ਚ ਉੱਡ ਗਈ DMK

ਅੱਜ ਦੇਸ਼ ਦੇ 4 ਸੂਬਿਆਂ ਤੇ ਇਕ ਕੇਂਦਰੀ ਸ਼ਾਸਿਤ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਚੱਲ ਰਹੀ ਹੈ। ਇਸੇ ਦੌਰਾਨ ਤਾਮਿਲਨਾਡੂ ਦੀ ਸਿਆਸਤ ‘ਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੋਂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਪਈਆਂ ਵੋਟਾਂ ਦੀ ਜਾਰੀ ਗਿਣਤੀ ‘ਚ ਤਾਜ਼ਾ ਰੁਝਾਨਾਂ ਨੇ ਸੂਬੇ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। 

ਸੱਤਾਧਾਰੀ ਡੀ.ਐੱਮ.ਕੇ. ਦੇ ਗੜ੍ਹ ਮੰਨੇ ਜਾਣ ਵਾਲੇ ਹਲਕਿਆਂ ਵਿੱਚ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਸਣੇ 15 ਪ੍ਰਮੁੱਖ ਮੰਤਰੀ ਪਿੱਛੇ ਚੱਲ ਰਹੇ ਹਨ। ਦੂਜੇ ਪਾਸੇ, ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਅਦਾਕਾਰ ਵਿਜੇ ਦੀ ਪਾਰਟੀ ਤਮਿਲਗਾ ਵੈਟਰੀ ਕੜਗਮ (TVK) ਬਹੁਮਤ ਦੇ ਅੰਕੜੇ (118) ਦੇ ਬੇਹੱਦ ਕਰੀਬ ਪਹੁੰਚ ਗਈ ਹੈ।

ਖ਼ਬਰ ਲਿਖੇ ਜਾਣ ਤੱਕ ਦੇ ਰੁਝਾਨਾਂ ਮੁਤਾਬਕ ਵਿਜੇ ਦੀ TVK 110 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਸੱਤਾਧਾਰੀ DMK+ 47 ਸੀਟਾਂ ‘ਤੇ ਸਿਮਟਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ AIADMK+ 77 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

ਇਨ੍ਹਾਂ ਰੁਝਾਨਾਂ ‘ਚ ਕਈ ਦਿੱਗਜ ਨੇਤਾ ਪਛੜ ਰਹੇ ਹਨ, ਜਿਨ੍ਹਾਂ ‘ਚ ਖ਼ੁਦ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦਾ ਨਾਂ ਵੀ ਸ਼ਾਮਲ ਹੈ, ਜੋ ਕਿ ਕੋਲਾਥੁਰ ਹਲਕੇ ਤੋਂ 2,277 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਚੇਪੌਕ-ਥਿਰੂਵੱਲੀਕੇਨੀ ਤੋਂ 1,244 ਵੋਟਾਂ ਨਾਲ ਪਿੱਛੇ ਹਨ। ਨਾਲ ਹੀ ਸੂਬੇ ਦੇ ਜਲ ਸਰੋਤ ਮੰਤਰੀ ਦੁਰਈ ਮੁਰੂਗਨ ਕਾਟਪਾਡੀ ਹਲਕੇ ਤੋਂ 2,293 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੇ.ਐੱਨ. ਨਹਿਰੂ, ਈ.ਵੀ. ਵੇਲੂ, ਐੱਮ.ਏ. ਸੁਬਰਾਮਨੀਅਮ, ਪੀ.ਕੇ. ਸੇਕਰਬਾਬੂ, ਪੀ. ਗੀਤਾ ਜੀਵਨ, ਟੀ.ਐੱਮ. ਅਨਬਰਸਨ, ਗੋਵੀ ਚੇਜ਼ੀਨ, ਨਾਜ਼ਰ, ਮਾਥੀਵੇਨਤਨ , ਟੀ.ਆਰ.ਬੀ. ਰਾਜਾ, ਕੇ.ਕੇ.ਐੱਸ.ਐੱਸ.ਆਰ ਰਾਮਚੰਦਰਨ ਤੇ ਥੰਗਮ ਥੇਨਾਰੁਸੂ ਵੀ ਆਪਣੀਆਂ ਸੀਟਾਂ ‘ਤੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।

ਉੱਥੇ ਹੀ ਅਦਾਕਾਰ ਵਿਜੇ ਦੀ ਪਾਰਟੀ TVK ਨੇ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਕਾਵੇਰੀ ਡੈਲਟਾ ਅਤੇ ਦੱਖਣੀ ਤਮਿਲਨਾਡੂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਾਰਟੀ ਦੇ ਬੁਲਾਰੇ ਫੇਲਿਕਸ ਜੈਰਾਲਡ ਨੇ ਕਿਹਾ, “ਤਮਿਲਨਾਡੂ ਦੇ ਲੋਕ ਬਦਲਾਅ ਚਾਹੁੰਦੇ ਸਨ ਅਤੇ ਸਾਨੂੰ ਅਜਿਹੇ ਨਤੀਜਿਆਂ ਦੀ ਉਮੀਦ ਸੀ।”

ਮਾਹਿਰਾਂ ਦਾ ਮੰਨਣਾ ਹੈ ਕਿ ਡੀ.ਐੱਮ.ਕੇ. ਖ਼ਿਲਾਫ਼ ਬਣੀ ਲਹਿਰ ਅਤੇ ਨੌਜਵਾਨ ਵੋਟਰਾਂ ਦਾ ਵਿਜੇ ਵੱਲ ਝੁਕਾਅ ਇਸ ਵੱਡੇ ਉਲਟਫੇਰ ਦਾ ਮੁੱਖ ਕਾਰਨ ਹੈ। ਜੇਕਰ ਇਹ ਰੁਝਾਨ ਨਤੀਜਿਆਂ ਵਿੱਚ ਬਦਲਦੇ ਹਨ, ਤਾਂ ਤਮਿਲਨਾਡੂ ਵਿੱਚ 50 ਸਾਲਾਂ ਤੋਂ ਚੱਲ ਰਹੀ ਡੀ.ਐੱਮ.ਕੇ. ਅਤੇ ਏ.ਆਈ.ਏ.ਡੀ.ਐੱਮ.ਕੇ. ਦੀ ਦੋ-ਪੱਖੀ ਰਾਜਨੀਤੀ ਖ਼ਤਮ ਹੋ ਸਕਦੀ ਹੈ।

Leave a Reply

Your email address will not be published. Required fields are marked *