ਸ਼ੁੱਕਰਵਾਰ ਤੱਕ ਮਿਲ ਸਕਦੀ ਹੈ ‘ਖੁਸ਼ਖਬਰੀ’, US-ਈਰਾਨ ਸ਼ਾਂਤੀ ਗੱਲਬਾਤ ‘ਤੇ ਟਰੰਪ ਦਾ ਵੱਡਾ ਬਿਆਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਵਾਰਤਾ ਦੇ ਦੂਜੇ ਦੌਰ ਬਾਰੇ ਸ਼ੁੱਕਰਵਾਰ ਤੱਕ ਕੋਈ ਵੱਡੀ ਅਤੇ ਸਕਾਰਾਤਮਕ ਖਬਰ ਆ ਸਕਦੀ ਹੈ। ਇਸਲਾਮਾਬਾਦ ਵਿੱਚ ਮੌਜੂਦ ਪਾਕਿਸਤਾਨੀ ਸੂਤਰਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਵਿਚੋਲਗੀ ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਹਨ ਅਤੇ ਅਗਲੇ 36 ਤੋਂ 72 ਘੰਟਿਆਂ ਦੇ ਅੰਦਰ ਕਿਸੇ ਵੱਡੇ ਬ੍ਰੇਕਥਰੂ ਦੀ ਸੰਭਾਵਨਾ ਹੈ।

ਜਦੋਂ ‘ਦਿ ਪੋਸਟ’ ਨੇ ਇਸ ਸੰਭਾਵੀ ਸਫਲਤਾ ਬਾਰੇ ਰਾਸ਼ਟਰਪਤੀ ਟਰੰਪ ਨੂੰ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਟੈਕਸਟ ਸੰਦੇਸ਼ ਰਾਹੀਂ ਜਵਾਬ ਦਿੱਤਾ, “ਇਹ ਸੰਭਵ ਹੈ!”। ਇਹ ਅਪਡੇਟ ਟਰੰਪ ਦੁਆਰਾ ਈਰਾਨ ਨਾਲ ਮੌਜੂਦਾ ਜੰਗਬੰਦੀ (Ceasefire) ਨੂੰ ਵਧਾਉਣ ਦੇ ਐਲਾਨ ਤੋਂ ਇਕ ਦਿਨ ਬਾਅਦ ਆਈ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਜੰਗਬੰਦੀ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਈਰਾਨ ਦੀ ਵੰਡੀ ਹੋਈ ਲੀਡਰਸ਼ਿਪ ਕੋਈ “ਸਾਂਝਾ ਪ੍ਰਸਤਾਵ” ਲੈ ਕੇ ਨਹੀਂ ਆਉਂਦੀ।

ਈਰਾਨ ਦੀ ਅੰਦਰੂਨੀ ਖਿੱਚੋਤਾਣ ਬਣੀ ਰੁਕਾਵਟ
ਡਿਪਲੋਮੈਟਿਕ ਸੂਤਰਾਂ ਅਨੁਸਾਰ, ਗੱਲਬਾਤ ਵਿੱਚ ਮੁੱਖ ਅੜਿੱਕਾ ਈਰਾਨ ਦਾ ਅੰਦਰੂਨੀ ਸਿਆਸੀ ਢਾਂਚਾ ਹੈ। ਈਰਾਨ ਦੀ ਚੁਣੀ ਹੋਈ ਸਰਕਾਰ, ਗਾਰਡੀਅਨ ਕੌਂਸਲ ਅਤੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਵਰਗੇ ਵੱਖ-ਵੱਖ ਸ਼ਕਤੀ ਕੇਂਦਰਾਂ ਵਿਚਾਲੇ ਮਤਭੇਦਾਂ ਕਾਰਨ ਉਹ ਇੱਕ ਸਾਂਝੇ ਫੈਸਲੇ ‘ਤੇ ਨਹੀਂ ਪਹੁੰਚ ਪਾ ਰਹੇ। ਅਮਰੀਕਾ ਦਾ ਸਟੈਂਡ ਸਪੱਸ਼ਟ ਹੈ ਕਿ ਜਦੋਂ ਤੱਕ ਈਰਾਨ ਇੱਕਜੁੱਟ ਹੋ ਕੇ ਕੋਈ ਪੇਸ਼ਕਸ਼ ਨਹੀਂ ਕਰਦਾ, ਉਦੋਂ ਤੱਕ ਕੋਈ ਅਗਲੀ ਗੱਲਬਾਤ ਨਹੀਂ ਹੋਵੇਗੀ। ਪਾਕਿਸਤਾਨ ਇਸ ਪੂਰੇ ਮਾਮਲੇ ਵਿੱਚ ਮੁੱਖ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ। ਪਾਕਿਸਤਾਨੀ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਬਿਆਨਬਾਜ਼ੀ ਤੇਜ਼ ਹੈ, ਪਰ ਫਿਲਹਾਲ ਦੋਵਾਂ ਪਾਸਿਆਂ ਤੋਂ ਕੋਈ ਫੌਜੀ ਕਾਰਵਾਈ ਨਹੀਂ ਹੋਈ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ।

ਨਾਕਾਬੰਦੀ ਜਾਰੀ ਰਹੇਗੀ
ਰਾਸ਼ਟਰਪਤੀ ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਆਪਣੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਫੌਜ ਨੂੰ ‘ਸਟਰੇਟ ਆਫ ਹਾਰਮੁਜ਼’ ਵਿੱਚ ਨਾਕਾਬੰਦੀ ਜਾਰੀ ਰੱਖਣ ਅਤੇ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੰਗਬੰਦੀ ਉਦੋਂ ਤੱਕ ਹੈ ਜਦੋਂ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋ ਜਾਂਦਾ।

Leave a Reply

Your email address will not be published. Required fields are marked *