ਪੰਜਾਬੀ ਸਾਹਿਤ ਸਭਾ ਦਾ ਸਮਾਗਮ ਯਾਦਗਾਰੀ ਹੋ ਨਿੱਬੜਿਆ


ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ਦਾ ਮਾਤ ਭਾਸ਼ਾ ਅਤੇ ਨਾਰੀ ਦਿਵਸ ਨੂੰ ਸਮਰਪਿਤ ਮਹੀਨਾਵਾਰ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਅਗਵਾਈ ਵਿੱਚ ਬਿਨਾਂ ਕਿਸੇ ਪ੍ਰਧਾਨਗੀ ਮੰਡਲ ਤੋਂ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕੀਤਾ ਗਿਆ , ਜਿਸ ਵਿੱਚ ਪਿਛਲੇ ਮਹੀਨੇ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ , ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਰਾਹੀਂ ਮਾਤ ਭਾਸ਼ਾ ਲਈ ਦਿਨ ਰਾਤ ਕੰਮ ਕਰ ਰਹੇ ਮਿੱਤਰ ਸੈਨ ਮੀਤ , ਰਾਮੇਸ਼ਵਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਸਰਕਾਰ ਤੋਂ ਪੰਜਾਬ ਰਾਜ ਭਾਸ਼ਾ ਐਕਟ ਨੂੰ ਪੂਰਨ ਅਮਲੀ ਰੂਪ ਦੇਣ ਦੀ ਮੰਗ ਕੀਤੀ । ਇਸ ਤੋਂ ਉਪਰੰਤ ਨਵੇਂ ਸਾਲ ਤੋਂ ਸ਼ੁਰੂ ਕੀਤੇ ਕਵਿਤਾ ਸਕੂਲ ਦਾ ਤੀਜਾ ਪਾਠ ਪ੍ਰਸਿੱਧ ਛੰਦ ਸ਼ਾਸਤਰੀ ਜੰਗ ਸਿੰਘ ਫ਼ੱਟੜ ਵੱਲੋਂ ਪੜ੍ਹਾਇਆ ਗਿਆ , ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਆਕਰਣ ਦੀ ਸ਼ੁੱਧੀ ਅਤੇ ਲਗਾਂ ਲਗਾਖਰਾਂ ਬਾਰੇ ਦੁਹਰਾਈ ਕਰਾਉਂਣ ਤੋਂ ਬਾਅਦ ਚੌਪਈ ਛੰਦ ਦੀ ਤੀਜੀ ਕਿਸਮ ਦਾ ਤਰਹ ਮਿਸ਼ਰਾ ਦਿੱਤਾ ਅਤੇ ਉਸ ਨਾਲ਼ ਸੰਬੰਧਿਤ ਗ਼ਜ਼ਲ ਵੀ ਪੇਸ਼ ਕੀਤੀ ।
ਦੂਸਰੇ ਦੌਰ ਵਿੱਚ ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਦੇ ਨਾਵਲ “ਇੱਕ ਸਦੀ ਦੀ ਮੌਤ” ਦਾ ਲੋਕ ਅਰਪਣ ਕੀਤਾ ਗਿਆ , ਜਿਸ ਦੇ ਵਿਸ਼ਾ ਵਸਤੂ ਬਾਰੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਅਤੇ ਕਲਾ ਪੱਖ ਬਾਰੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਸਕਰੌਦੀ ਨੇ ਆਪੋ ਆਪਣੇ ਪਰਚੇ ਪੜ੍ਹਨ ਤੋਂ ਇਲਾਵਾ ਸ਼੍ਰੀਮਤੀ ਅਨੂ ਸਿੰਗਲਾ ਤੇ ਗੁਰਦਿਆਲ ਨਿਰਮਾਣ ਧੂਰੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਇੱਕ ਸਦੀ ਦਾ ਪੁਨਰ ਜਨਮ ਕਰਨ ਦੀ ਕੋਸ਼ਿਸ਼ ਕੀਤੀ । ਲੰਮੀ ਚੱਲੀ ਵਿਚਾਰ ਚਰਚਾ ਵਿੱਚ ਸੁਰਿੰਦਰ ਸ਼ਰਮਾਂ ਨਾਗਰਾ , ਨਾਜਰ ਸਿੰਘ ਬੁਗਰਾ , ਚਰਨਜੀਤ ਕੈਂਥ , ਵੀਤ ਬਾਦਸ਼ਾਹਪੁਰੀ , ਕਰਮਜੀਤ ਸਿੰਘ , ਮਲਕੀਤ ਸਿੰਘ ਬੱਬਨਪੁਰ , ਸੁਰਜੀਤ ਸਿੰਘ , ਪਾਲ ਸਿੰਘ , ਅਜਾਇਬ ਸਿੰਘ ਅਤੇ ਗਿਆਨ ਸਿੰਘ ਭਵਾਨੀਗੜ੍ਹ ਨੇ ਵੀ ਹਿੱਸਾ ਲਿਆ ।
ਤੀਜੇ ਦੌਰ ਵਿੱਚ ਜਨਰਲ ਸਕੱਤਰ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਮਨਜੀਤ ਕੌਰ ਸੰਧੂ , ਆਫੀਆ ਸ਼ਰਮਾ , ਮਨਪ੍ਰੀਤ ਕੌਰ ਢੀਂਡਸਾ , ਕੁਲਵਿੰਦਰ ਕੌਰ ਕਾਜਲ , ਪੇਂਟਰ ਸੁਖਦੇਵ ਸਿੰਘ , ਗੁਰਜੰਟ ਮੀਮਸਾ , ਜਸਵੀਰ ਸਿੰਘ ਬੰਘਾਂਵਾਲੀ , ਗੁਰਤੇਜ ਮੱਲੂਮਾਜਰਾ , ਸੁਰਿੰਦਰ ਸ਼ਰਮਾਂ ਹਰਚੰਦਪੁਰੀ , ਕੁਲਵੰਤ ਖਨੌਰੀ , ਬਲਜੀਤ ਸਿੰਘ ਬਾਂਸਲ , ਰਣਜੀਤ ਆਜ਼ਾਦ ਕਾਂਝਲਾ , ਹਰਬੰਸ ਬੇਨੜਾ , ਡਾ. ਜਗਤਾਰ ਸਿੰਘ ਸਿੱਧੂ , ਕੁਲਵਿੰਦਰ ਬੰਟੀ , ਮਨਦੀਪ ਸਿੰਘ , ਗੁਰਮੀਤ ਸਿੰਘ ਸੋਹੀ , ਅਸ਼ਵਨੀ ਕੁਮਾਰ ਅਤੇ ਅਸ਼ੋਕ ਭੰਡਾਰੀ ਨੇ ਆਪੋ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।
ਇਸ ਤੋਂ ਮਗਰੋਂ ਮਾਰਚ ਮਹੀਨੇ ਵਿੱਚ ਜਨਮੇਂ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨ ਕੀਤਾ ਗਿਆ ਅਤੇ ਅਗਲੇ ਮਹੀਨੇ ਸਮਾਜ ਵੀਕਲੀ ਨਿਊਜ਼ ਦੇ ਮੁੱਖ ਸੰਪਾਦਕ ਸ਼੍ਰੀ ਦਵਿੰਦਰ ਚੰਦਰ ( ਨਕੋਦਰ ) ਨਾਲ਼ ਰੂਬਰੂ ਸਮਾਗਮ ਕਰਵਾਉਂਣ ਦਾ ਫੈਸਲਾ ਵੀ ਕੀਤਾ ਗਿਆ ।

Leave a Reply

Your email address will not be published. Required fields are marked *