ਹਿੰਦੀ–ਪੰਜਾਬੀ ਨੇੜਤਾ: ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ

(ਜਗਸੀਰ) 14 ਸਤੰਬਰ ਨੂੰ ਹਰ ਸਾਲ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ਼ ਹਿੰਦੀ ਭਾਸ਼ਾ ਦੀ ਮਹੱਤਤਾ ਨੂੰ ਯਾਦ ਕਰਨ ਦਾ ਨਹੀਂ, ਸਗੋਂ ਭਾਰਤ ਦੀਆਂ ਭਾਸ਼ਾਵਾਂ ਵਿਚਲੇ ਸੰਬੰਧਾਂ ਅਤੇ ਵਿਭਿੰਨਤਾ ਵਿੱਚ ਏਕਤਾ ਦੇ ਸੰਦੇਸ਼ ਨੂੰ ਸਮਝਣ ਦਾ ਵੀ ਹੈ। ਇਸ ਪ੍ਰਸੰਗ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਦੀ ਨੇੜਤਾ ਖ਼ਾਸ ਮਹੱਤਵ ਰੱਖਦੀ ਹੈ।

ਹਿੰਦੀ ਅਤੇ ਪੰਜਾਬੀ ਦੋਵੇਂ ਇੰਡੋ–ਆਰੀਅਨ ਪਰਿਵਾਰ ਦੀਆਂ ਭਾਸ਼ਾਵਾਂ ਹਨ। ਇਨ੍ਹਾਂ ਦੀ ਉਤਪੱਤੀ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਤੋਂ ਹੋਈ ਹੈ। ਦੋਹਾਂ ਦੀ ਵਿਆਕਰਣਕ ਸੰਰਚਨਾ ਬਹੁਤ ਮਿਲਦੀ–ਜੁਲਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਸਮਾਨਤਾਵਾਂ ਹਨ। ਕਈ ਸਬਦ ਦੋਵੇਂ ਇੱਕੋ ਜਿਹੇ ਹਨ। ਪਰ ਕੁਝ ਸ਼ਬਦ ਵੱਖਰੇ ਹਨ—ਹਿੰਦੀ ਦਾ ਲੜਕਾ ਪੰਜਾਬੀ ਵਿੱਚ ਮੁੰਡਾ ਅਤੇ ਲੜਕੀ ਕੁੜੀ ਬਣ ਜਾਂਦੀ ਹੈ। ਧੁਨੀ ਵਿੱਚ ਵੀ ਅੰਤਰ ਹੈ: ਹਿੰਦੀ ਦਾ ਬੜਾ ਪੰਜਾਬੀ ਵਿੱਚ ਵੱਡਾ ਬਣ ਜਾਂਦਾ ਹੈ। ਇਹ ਅੰਤਰ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਰੰਗਤ ਨੂੰ ਦਰਸਾਉਂਦਾ ਹੈ।

ਹਿੰਦੀ ਦੇਵਨਾਗਰੀ ਅਤੇ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ, ਪਰ ਦੋਹਾਂ ਦੀ ਜੜ੍ਹ ਬ੍ਰਾਹਮੀ ਲਿਪੀ ਵਿੱਚ ਹੈ। ਇਸ ਤਰ੍ਹਾਂ ਲਿਪੀ–ਪਰੰਪਰਾ ਵੀ ਉਨ੍ਹਾਂ ਨੂੰ ਇਤਿਹਾਸਕ ਤੌਰ ‘ਤੇ ਜੋੜਦੀ ਹੈ। ਆਧੁਨਿਕ ਸਮੇਂ ਵਿੱਚ ਫ਼ਿਲਮਾਂ, ਸਾਹਿਤ ਅਤੇ ਸੰਗੀਤ ਨੇ ਇਸ ਰਿਸ਼ਤੇ ਨੂੰ ਹੋਰ ਪੱਕਾ ਕੀਤਾ ਹੈ। ਬਾਲੀਵੁੱਡ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦਾ ਪ੍ਰਚਲਨ ਅਤੇ ਉੱਤਰ ਭਾਰਤ ਵਿੱਚ ਬੋਲੀ ਜਾਣ ਵਾਲੀ ਹਿੰਦੀ–ਪੰਜਾਬੀ ਮਿਲੀ–ਜੁਲੀ ਬੋਲੀ ਇਸ ਸਾਂਝ ਨੂੰ ਹੋਰ ਜੀਵੰਤ ਕਰਦੀ ਹੈ।

ਭਾਸ਼ਾਵਾਂ ਦੇ ਵਿਕਾਸ ਲਈ ਸਰਕਾਰ ਨੇ ਵੀ ਮਹੱਤਵਪੂਰਨ ਕਦਮ ਚੁੱਕਿਆ ਹੈ। ਨਵੀਂ ਸਿੱਖਿਆ ਨੀਤੀ
ਐਨਏਪੀ 2020) ਦੇ ਤਹਿਤ ਤਿੰਨ ਭਾਸ਼ਾਵਾਂ ਵਿੱਚ ਸਿੱਖਿਆ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਨਾਲ ਮਾਤ੍ਰਭਾਸ਼ਾ ਅਤੇ ਖੇਤਰੀ ਭਾਸ਼ਾਵਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਭਾਰਤੀ ਭਾਸ਼ਾਵਾਂ ਵਿਚਕਾਰ ਆਪਸੀ ਸੰਵਾਦ ਵਧੇਗਾ। ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਰਹਿਣਗੀਆਂ ਅਤੇ ਭਾਸ਼ਾਈ ਵਿਭਿੰਨਤਾ ਰਾਹੀਂ ਰਾਸ਼ਟਰੀ ਏਕਤਾ ਹੋਰ ਮਜ਼ਬੂਤ ਹੋਵੇਗੀ।

ਹਿੰਦੀ ਦਿਵਸ ਸਾਨੂੰ ਯਾਦ ਦਵਾਂਦਾ ਹੈ ਕਿ ਹਿੰਦੀ ਕੇਵਲ ਇੱਕ ਭਾਸ਼ਾ ਨਹੀਂ, ਸਗੋਂ ਭਾਰਤੀ ਭਾਸ਼ਾਵਾਂ ਨੂੰ ਜੋੜਨ ਵਾਲਾ ਪੁਲ ਹੈ। ਹਿੰਦੀ ਅਤੇ ਪੰਜਾਬੀ ਦਾ ਨੇੜਲਾ ਰਿਸ਼ਤਾ ਇਸ ਪੁਲ ਦੀ ਮਜ਼ਬੂਤੀ ਦਾ ਸਪਸ਼ਟ ਉਦਾਹਰਨ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ: “ਕਿਸੇ ਦੇਸ਼ ਦੀ ਏਕਤਾ ਉਸ ਦੀ ਭਾਸ਼ਾ ਅਤੇ ਸਭਿਆਚਾਰ ਦੀ ਆਤਮਾ ਵਿੱਚ ਵੱਸਦੀ ਹੈ।” ਇਸ ਤਰ੍ਹਾਂ ਹਿੰਦੀ ਅਤੇ ਪੰਜਾਬੀ ਦੀ ਨੇੜਤਾ ਸਿਰਫ਼ ਭਾਸ਼ਾਈ ਸੰਪਰਕ ਨਹੀਂ, ਸਗੋਂ ਭਾਰਤੀਅਤ ਦੀ ਆਤਮਾ ਦਾ ਪ੍ਰਤੀਬਿੰਬ ਹੈ।

ਪ੍ਰੋ. ਰਵੀ ਕਾਂਤ ਮਿਸ਼ਰਾ
ਪ੍ਰੋਫੈਸਰ ਅਤੇ ਡੀਨ
(ਐਲਮਨੀ ਅਤੇ ਇੰਡਸਟਰੀਅਲ ਰਿਲੇਸ਼ਨਜ਼),
ਸਲਾਈਟ ਲੌਂਗੋਵਾਲ, ਜਿਲ੍ਹਾ ਸੰਗਰੂਰ
(ਪੰਜਾਬ)

Leave a Reply

Your email address will not be published. Required fields are marked *