ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਮੰਗਲਵਾਰ ਨੂੰ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਵਰਿੰਦਾਵਨ ਪਹੁੰਚੇ। ਇਹ ਜੋੜਾ ਪ੍ਰਸਿੱਧ ਅਧਿਆਤਮਿਕ ਗੁਰੂ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਵਰਿੰਦਾਵਨ ਗਿਆ। ਵਿਰੁਸ਼ਕਾ ਨੂੰ ਸਵਾਮੀ ਪ੍ਰੇਮਾਨੰਦ ਮਹਾਰਾਜ ਦੇ ਪੈਰੋਕਾਰਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਅਕਸਰ ਇਸ ਜੋੜੇ ਨੂੰ ਵਰਿੰਦਾਵਨ ਵਿੱਚ ਦੇਖਿਆ ਜਾਂਦਾ ਹੈ।
ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਮਗਰੋਂ ਉਨ੍ਹਾਂ ਦੇ 14 ਸਾਲ ਪੁਰਾਣੇ ਇੱਕ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ। ਆਪਣੇ ਟੈਸਟ ਕਰੀਅਰ ਵਿੱਚ, 36 ਸਾਲਾ ਵਿਰਾਟ ਨੇ 123 ਮੈਚ ਖੇਡੇ, 46.85 ਦੀ ਔਸਤ ਨਾਲ 9,230 ਦੌੜਾਂ ਬਣਾਈਆਂ, 210 ਪਾਰੀਆਂ ਵਿੱਚ 30 ਸੈਂਕੜੇ ਅਤੇ 31 ਅਰਧ ਸੈਂਕੜੇ ਅਤੇ 254 ਦਾ ਸਭ ਤੋਂ ਵਧੀਆ ਸਕੋਰ ਬਣਾਇਆ। ਉਹ ਸਚਿਨ ਤੇਂਦੁਲਕਰ (15,921 ਦੌੜਾਂ), ਰਾਹੁਲ ਦ੍ਰਾਵਿੜ (13,265 ਦੌੜਾਂ) ਅਤੇ ਸੁਨੀਲ ਗਾਵਸਕਰ (10,122 ਦੌੜਾਂ) ਤੋਂ ਬਾਅਦ ਭਾਰਤ ਦੇ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।